ਬਰਨਾਲਾ: ਮਜ਼ਦੂਰ ਨੇ ਆਪਣੀਆਂ ਮੰਗਾਂ ਲਈ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ
ਪਰਸ਼ੋਤਮ ਬੱਲੀ
ਬਰਨਾਲਾ, 18 ਅਗਸਤ
ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਵੱਲੋਂ ਆਪਣੀਆਂ ਮੰਗਾਂ ਲਈ ਇਥੇ ਡੀਸੀ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਧਰਨੇ 'ਚ ਪੇਂਡੂ ਖੇਤ ਤੇ ਮਗਨਰੇਗਾ ਮਜ਼ਦੂਰਾਂ ਭਰਵੀਂ ਸ਼ਿਰਕਤ ਕਰਦਿਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਲਾਭ ਸਿੰਘ ਅਕਲੀਆ, ਮਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ ਅਤੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਬਰਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਮਨਰੇਗਾ ਦੇ ਬਜਟ ਨੂੰ ਖ਼ਜ਼ਾਨੇ 'ਤੇ ਵੱਡਾ ਬੋਝ ਸਮਝਦੀ ਹੈ, ਜਿਸ ਨੇ ਪਿਛਲੇ ਚਾਰ ਸਾਲ ਵਿੱਚ ਮਗਨਰੇਗਾ ਦੇ ਬਜਟ ਵਿੱਚ 53 ਹਜ਼ਾਰ ਕਰੋੜ ਦੀ ਕਟੌਤੀ ਕਰ ਦਿੱਤੀ ਹੈ।
ਇਸੇ ਤਰ੍ਹਾਂ ਪੰਜਾਬ ਸਰਕਾਰ ਨੇ ਚੋਣਾ ਸਮੇਂ ਗ਼ਰੀਬ ਲੋਕਾਂ ਨਾਲ ਸਮੁੱਚੀ ਕਰਜ਼ਾ ਮੁਆਫ਼ੀ, ਰੁਜ਼ਗਾਰ ਮੁਹੱਈਆ ਕਰਵਾਉਣ ਅਤੇ ਔਰਤਾਂ ਨੂੰ ਹਜ਼ਾਰ ਪ੍ਰਤੀ ਮਹੀਨਾ ਖਾਤੇ ਪਾਉਣ ਦੇ ਕੀਤੇ ਵਾਅਦੇ ਵਿਸਾਰ ਦਿੱਤੇ ਹਨ। ਉਲਟਾ ਕਰਜ਼ੇ ਬਦਲੇ ਗ਼ਰੀਬ ਲੋਕਾਂ ਦੇ ਘਰਾਂ ਦੀਆਂ ਕੁਰਕੀਆਂ ਹੋ ਰਹੀਆਂ ਹਨ ਤੇ ਮਹਿੰਗਾਈ ਨੇ ਜਿਉਣਾ ਦੁੱਭਰ ਕੀਤਾ ਹੋਇਆ ਹੈ। ਲੋਕ ਪੱਖੀ ਗਾਇਕ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਰੰਗ ਬੰਨਿਆਂ। ਬੁਲਾਰਿਆਂ 'ਚ ਜਗਰਾਜ ਰਾਮਾ, ਨਛੱਤਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਚੁਹਾਨਕੇ, ਸਰਬਜੀਤ ਕੌਰ ਰੂੜੇਕੇ ਕਲਾਂ, ਸੁਖਵਿੰਦਰ ਸਿੰਘ ਜੱਸਾ ਭੈਣੀ ਤੇ ਗੁਰਜੰਟ ਸਿੰਘ ਢਿੱਲਵਾਂ ਸ਼ਾਮਲ ਸਨ।