ਬਰਨਾਲਾ: ਜਥੇਬੰਦੀਆਂ ਨੇ ਧਰਨਾ ਲਾ ਕੇ ਰੁਕਵਾਈ ਗ਼ਰੀਬ ਪਰਿਵਾਰ ਦੇ ਘਰ ਦੀ ਕੁਰਕੀ
ਪਰਸ਼ੋਤਮ ਬੱਲੀ
ਬਰਨਾਲਾ, 28 ਜੂਨ
ਇਥੋਂ ਦੀ ਪੱਤੀ ਰੋਡ ‘ਤੇ ਗਰੀਬ ਪਰਿਵਾਰ ਦੇ ਘਰ ਦੀ ਬੈਂਕ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਕਰਵਾਈ ਜਾ ਰਹੀ ਕੁਰਕੀ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ‘ਕੁਰਕੀ ਰੋਕੋ ਸਾਂਝੇ ਮੋਰਚੇ’ ਨੇ ਘਰ ਅੱਗੇ ਡਟ ਕੇ ਰੁਕਵਾਈ। ਲੋਕ ਪੱਖੀ ਗਾਇਕ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਆਰੰਭ ਹੋਏ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਲਾਭ ਸਿੰਘ ਅਕਲੀਆ, ਸੀਪੀਆਈ ਦੇ ਜ਼ਿਲ੍ਹਾ ਪ੍ਰਧਾਨ ਖੁਸ਼ੀਆ ਸਿੰਘ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ ਨੇ ਨੇ ਕਿਹਾ ਕਿ ਘਰ ਦੇ ਮਾਲਕ ਮਜ਼ਦੂਰ ਬਸੰਤ ਕੁਮਾਰ ਵੱਲੋਂ ਸੰਨ 2010 ਵਿੱਚ ਆਈਡੀਬੀਆਈ ਬੈਂਕ ਪਾਸੋਂ ਵਿਖੇ 9 ਲੱਖ ਦੇ ਕਰੀਬ ਕਰਜ਼ ਲਿਆ ਗਿਆ ਸੀ ਤੇ ਵਿਆਜ/ਖਰਚਿਆਂ ਸਮੇਤ ਬਣੀ ਰਕਮ ‘ਚੋਂ ਕਰੀਬ ਸਾਢੇ 11 ਲੱਖ ਵਾਪਸੀ ਵੀ ਹੋ ਚੁੱਕੀ ਹੈ।
ਸੰਨ 2020 ‘ਚ ਬਸੰਤ ਕੁਮਾਰ ਦੀ ਮੌਤ ਹੋ ਗਈ। ਆਮਦਨ ਦਾ ਵਸੀਲਾ ਵੀ ਖਤਮ ਹੋ ਗਿਆ। ਗੁਜ਼ਾਰਾ ਵੀ ਮੁਹਾਲ ਹੈ। ਆਗੂਆਂ ਕਿਹਾ ਕਿ ਸਰਮਾਏਦਾਰ ਕਾਰਪੋਰੇਟਸ ਘਰਾਣਿਆਂ ਦੇ ਦੀਵਾਲੀਆ ਹੋਣ ‘ਤੇ ਲੱਖਾਂ ਕਰੋੜਾਂ ਚੁੱਪ-ਚਪੀਤੇ ਵੱਟੇ-ਖਾਤੇ ਪਾ ਦਿੱਤੇ ਜਾਂਦੇ ਹਨ ਪਰ ਇੱਥੇ ਅਤਿ ਗਰੀਬ ਦੇ ਸਿਰੋਂ ਛੱਤ ਵੀ ਖੋਹੀ ਜਾ ਰਹੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਪਾਲ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਮਨਜੀਤ ਰਾਜ, ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਅਤੇ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਗਰੀਬ ਦੇ ਘਰ ਦੀ ਕੁਰਕੀ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤੀ ਜਾਵੇਗੀ, ਘਰ ਦੀ ਕੁਰਕੀ ਦੇ ਵਾਰ ਵਾਰ ਨੋਟਿਸ ਭੇਜਕੇ ਬੱਚਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਬੁਲਾਰਿਆਂ ਬੇਘਰਿਆਂ ਨੂੰ ਘਰ ਦੇਣ ਦੇ ਚੋਣ ਵਾਅਦੇ ਵੀ ਭਗਵੰਤ ਮਾਨ ਸਰਕਾਰ ਨੂੰ ਚੇਤੇ ਕਰਾਉਂਦਿਆਂ ਇਹ ਉਜਾੜਾ ਰੋਕਣ ਦੀ ਤਾੜਨਾ ਕੀਤੀ। ਅਜਿਹਾ ਨਾ ਹੋਣ ‘ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਨਿੱਕਾ ਸਿੰਘ ਸੰਧੂ ਕਲਾਂ, ਜ਼ਿਲ੍ਹਾ ਪ੍ਰਧਾਨ ਜਮਹੂਰੀ ਅਧਿਕਾਰ ਗੁਰਮੇਲ ਸਿੰਘ ਠੁੱਲੀਵਾਲ , ਡੀਟੀਐੱਫ਼ ਦੇ ਸੂਬਾਈ ਆਗੂ ਰਾਜੀਵ ਕੁਮਾਰ, ਗੁਰਮੇਲ ਸਿੰਘ ਬਰਨਾਲਾ, ਸੰਦੀਪ ਕੌਰ ਪੱਤੀ, ਜਗਰਾਜ ਰਾਮਾ, ਜਗਰਾਜ ਤਾਜੋਕੇ , ਬੀਕੇਯੂ ਰਾਜੇਵਾਲ ਜਾਗਰੂਪ ਸਿੰਘ ਠੀਕਰੀਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ ਸੱਤਪਾਲ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ਼ਿੰਗਾਰਾ ਸਿੰਘ ਚੁਹਾਨਕੇ ਨੇ ਨਿਭਾਈ।