ਬਰਨਾਲਾ: ਮੁੰਡਾ ਵਿਆਹ ਤੋਂ ਮੁੱਕਰਿਆ, ਕੁੜੀ ਵਾਲੇ ਜਦੋਂ ਧਰਨਾ ਦੇਣ ਪੁੱਜੇ ਤਾਂ ਦੋਵਾਂ ਪਰਿਵਾਰਾਂ ’ਚ ਖੜਕ ਪਈ
ਲਖਵੀਰ ਸਿੰਘ ਚੀਮਾ
ਟੱਲੇਵਾਲ (ਬਰਨਾਲਾ), 26 ਅਕਤੂਬਰ
ਬਰਨਾਲਾ ਦੀ ਆਸਥਾ ਕਲੋਨੀ ਵਿੱਚ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਪਰਿਵਾਰ ਝਗੜ ਪਏ। ਦੋਵੇਂ ਪਰਿਵਾਰ ਆਪਸ ਵਿੱਚ ਗੁੱਥਮਗੁੱਥੀ ਹੋਏ। ਸ਼ਹਿਰ ਦੀ ਆਸਥਾ ਕਲੋਨੀ ਵਿੱਚ ਰਹਿੰਦੇ ਲੜਕੇ ਪਰਿਵਾਰ ਉਪਰ ਲੜਕੀ ਵਾਲਿਆਂ ਨੇ ਵਿਆਹ ਤੋਂ ਮੁੱਕਰਨ ਦੇ ਦੋਸ਼ ਲਗਾਏ ਹਨ। ਇਸੇ ਦੇ ਰੋਸ ਵਿੱਚ ਬਠਿੰਡਾ ਵਾਸੀ ਲੜਕੀ ਦਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਸਮੇਤ ਲੜਕੇ ਪਰਿਵਾਰ ਦੇ ਘਰ ਅੱਗੇ ਧਰਨਾ ਦੇਣ ਪੁੱਜਿਆ। ਇਸ ਦੌਰਾਨ ਲੜਕੇ ਅਤੇ ਲੜਕੀ ਪਰਿਵਾਰ ਦੀ ਆਪਸ ਵਿੱਚ ਖੜਕ ਗਈ। ਲੜਕੀ ਵਾਲਿਆਂ ਨੇ ਦੋਸ਼ ਲਗਾਇਆ ਕਿ 26 ਸਤੰਬਰ ਨੂੰ ਲੜਕੇ ਤੇ ਲੜਕੀ ਦੀ ਮੰਗਣੀ ਹੋਈ ਸੀ, 10 ਨਵੰਬਰ ਨੂੰ ਵਿਆਹ ਰੱਖਿਆ ਹੋਇਆ ਹੈ। ਉਨ੍ਹਾਂ ਪੈਲੇਸ ਬੁੱਕ ਕਰ ਲਿਆ, ਗਹਿਣੇ ਖਰੀਦ ਲਏ ਤੇ ਕਾਰਡ ਵੰਡ ਦਿੱਤੇ ਹਨ। ਉਨ੍ਹਾਂ ਦਾ 35 ਲੱਖ ਰੁਪਏ ਖ਼ਰਚ ਹੋ ਚੁੱਕਿਆ ਹੈ ਪਰ ਲੜਕੇ ਵਾਲੇ ਵਿਆਹ ਤੋਂ ਮੁੱਕਰ ਰਹੇ ਹਨ, ਜਿਸ ਕਰਕੇ ਉਹ ਰੋਸ ਜ਼ਾਹਰ ਕਰਨ ਪਹੁੰਚੇ, ਜਿਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਦੂਜੇ ਪਾਸੇ ਲੜਕੇ ਦੇ ਪਿਤਾ ਨੇ ਕਿਹਾ ਕਿ ਲੜਕੀ ਨਾਲ ਰਿਸ਼ਤਾ ਤੈਅ ਹੋਣ ਤੋਂ ਬਾਅਦ ਉਨ੍ਹਾਂ ਦੇ ਪੁੱਤ ਨੂੰ ਫ਼ੋਨ ਉਪਰ ਧਮਕੀਆਂ ਮਿਲ ਰਹੀਆਂ ਹਨ। ਬਠਿੰਡਾ ਵਿਖੇ ਉਸ ਦੇ ਪੁੱਤ ਉਪਰ ਹਮਲਾ ਵੀ ਹੋ ਚੁੱਕਿਆ ਹੈ, ਜਿਸ ਕਰਕੇ ਉਹ ਅਜਿਹੇ ਲੋਕਾਂ ਨਾਲ ਰਿਸ਼ਤਾ ਨਹੀਂ ਕਰਨਾ ਚਾਹੁੰਦੇ। ਘਟਨਾ ਸਥਾਨ ਉਪਰ ਪਹੁੰਚੀ ਪੁਲੀਸ ਨੇ ਮਾਹੌਲ ਸ਼ਾਂਤ ਕਰਵਾਇਆ।
ਇਸ ਮੌਕੇ ਬਰਨਾਲਾ ਵਿਖੇ ਲੜਕੇ ਦੇ ਪਰਿਵਾਰ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਬਲਵਿੰਦਰ ਕੁਮਾਰ ਨੇ ਕਿਹਾ ਕਿ ਉਸ ਦੀ ਬੇਟੀ ਮੰਗਣੀ ਜੀਵਨ ਕੁਮਾਰ ਦੇ ਬੇਟੇ ਅਵਨਿਾਸ਼ ਗੁਪਤਾ ਨਾਲ ਹੋਈ, ਜਿਸ ਤੋਂ ਬਾਅਦ 10 ਨਵੰਬਰ ਦਾ ਵਿਆਹ ਰੱਖਿਆ ਹੋਇਆ ਹੈ। ਵਿਆਹ ਨੂੰ ਲੈ ਕੇ ਪੈਲੇਸ ਬੁੱਕ ਕਰਵਾਇਆ ਗਿਆ, ਸੋਨਾ ਲੈ ਲਿਆ ਗਿਆ ਪਰ ਹੁਣ ਪਿਛਲੇ ਕੁੱਝ ਦਿਨਾਂ ਤੋਂ ਲੜਕੇ ਦਾ ਪਰਿਵਾਰ ਇਸ ਰਿਸ਼ਤੇ ਤੋਂ ਭੱਜਦਾ ਆ ਰਿਹਾ ਹੈ। ਲੜਕੇ ਵਾਲਿਆਂ ਦੇ ਪਰਿਵਾਰ ਦੀ ਹਰ ਸ਼ਿਕਾਇਤ ਦੂਰ ਕਰਵਾ ਕੇ ਉਨ੍ਹਾਂ ਦੀ ਤਸੱਲੀ ਵੀ ਕਰਵਾਈ ਜਾ ਚੁੱਕੀ ਹੈ। ਇਸ ਤੋਂ ਬਾਅਦ ਅੱਜ ਉਹ ਦੁਖੀ ਹੋ ਕੇ ਲੜਕੇ ਦੇ ਘਰ ਅੱਗੇ ਸ਼ਾਂਤਮਈ ਰੋਸ ਜ਼ਾਹਰ ਕਰਨ ਪੁੱਜੇ ਸਨ, ਜਿੱਥੇ ਲੜਕੇ ਦੇ ਪਿਤਾ ਅਤੇ ਸਾਥੀਆਂ ਨੇ ਹਮਲਾ ਕਰ ਦਿੱਤਾ। ਇਹ ਰੋਸ ਇਸ ਕਰਕੇ ਜ਼ਾਹਰ ਕਰ ਰਹੇ ਹਨ ਤਾਂ ਜੋ ਅੱਗੇ ਤੋਂ ਕਿਸੇ ਹੋਰ ਲੜਕੀ ਦੀ ਜ਼ਿੰਦਗੀ ਖਰਾਬ ਨਾ ਹੋਵੇ। ਉਨ੍ਹਾਂ ਲੜਕਾ ਪਰਿਵਾਰ ਉਪਰ ਦਾਜ ਮੰਗਣ ਦੇ ਵੀ ਦੋਸ਼ ਲਗਾਏ।
ਆਸਥਾ ਕਲੋਨੀ ਨਿਵਾਸੀ ਜੀਵਨ ਕੁਮਾਰ ਨੇ ਕਿਹਾ ਕਿ ਉਸ ਦੇ ਬੇਟੇ ਅਵਨਿਾਸ਼ ਗੁਪਤਾ ਦਾ 26 ਸਤੰਬਰ ਨੂੰ ਸ਼ਗਨ ਹੋਇਆ ਸੀ। ਕੁੜੀ ਵਾਲਾ ਪਰਿਵਾਰ ਕਾਰੋਬਾਰ ਦੇਖਣ ਦੀ ਬਿਜਾਏ ਸਿੱਧਾ ਮੁੰਡੇ ਨੂੰ ਪਸੰਦ ਕਰਨ ਉਪਰੰਤ ਮੁੰਡੇ ਨੂੰ ਸ਼ਗਨ ਪਾ ਗਏ। ਸ਼ਗਨ ਉਪਰੰਤ ਬੇਟੇ ਨੂੰ ਕਿਸੇ ਵਿਅਕਤੀ ਦਾ ਫ਼ੋਨ ਆਇਆ ਅਤੇ ਕੁੜੀ ਨਾਲ ਕਥਿਤ ਗੱਲਬਾਤ ਹੋਣ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਬੇਟੇ ਨੇ ਫ਼ੋਨ ਕਰਨ ਵਾਲੇ ਨੌਜਵਾਨ ਨੂੰ ਬੈਠ ਕੇ ਕੁੜੀ ਦੇ ਪਰਿਵਾਰ ਸਾਹਮਣੇ ਗੱਲ ਕਰਨ ਲਈ ਬੁਲਾਇਆ ਪਰ ਉਸ ਨੌਜਵਾਨ ਨੇ ਫ਼ੋਨ ਉਪਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਾਨੀਂ ਨੁਕਸਾਨ ਪਹੁੰਚਾਉਣ ਦੀਆਂ ਵੀ ਧਮਕੀਆਂ ਦਿੱਤੀਆਂ ਅਤੇ ਲੜਕੀ ਨਾਲ ਵਿਆਹ ਕਰਨ ਤੋਂ ਪਿੱਛੇ ਹਟਣ ਲਈ ਕਿਹਾ। ਇਸ ਉਪਰੰਤ ਉਨ੍ਹਾਂ ਇਸ ਬਾਰੇ ਕੁੜੀ ਦੇ ਪਰਿਵਾਰ ਨੂੰ ਦੱਸਿਆ। ਲੜਕੀ ਪਰਿਵਾਰ ਨੇ ਅਜਿਹਾ ਕੁੱਝ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੇਟੇ ਉਪਰ ਜਾਨੀ ਹਮਲਾ ਵੀ ਹੋਇਆ, ਜਿਸ ਦੀ ਸ਼ਿਕਾਇਤ ਬਠਿੰਡਾ ਛਾਉਣੀ ਥਾਣੇ ਵਿੱਚ ਦਿੱਤੀ ਹੋਈ ਹੈ। ਲੜਕੀ ਦੇ ਪਰਿਵਾਰ ਨੇ ਦੋ ਦਿਨ ਪਹਿਲਾਂ ਉਸ ਦੀ ਦੁਕਾਨ ਉਪਰ ਆ ਕੇ ਵੀ ਕਥਿਤ ਤੌਰ ’ਤੇ ਗਾਲਾਂ ਕੱਢੀਆਂ ਅਤੇ ਭੰਨਤੋੜ ਕੀਤੀ ਅਤੇ ਅੱਜ ਘਰ ਅੱਗੇ ਆ ਕੇ ਜਿਸ ਤਰ੍ਹਾਂ ਮਾਹੌਲ ਖ਼ਰਾਬ ਕਰ ਰਹੇ ਹਨ। ਅਜਿਹੇ ਲੋਕਾਂ ਨਾਲ ਉਹ ਆਪਣੇ ਲੜਕੇ ਦਾ ਰਿਸ਼ਤਾ ਕਿਸੇ ਵੀ ਹਾਲ ਨਹੀਂ ਕਰਨਗੇ।
ਥਾਣਾ ਸਿਟੀ-2 ਬਰਨਾਲਾ ਦੇ ਐੱਸਐੱਚਓ ਨਿਰਮਲ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਕਿਸੇ ਨੇ ਸ਼ਿਕਾਇਤ ਨਹੀਂ ਦਿੱਤੀ। ਸ਼ਿਕਾਇਤ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।