ਬਰਨਾਲਾ ਪੁਲੀਸ ਨੇ 12 ਕਿਲੋ ਅਫੀਮ ਸਣੇ ਦੋ ਗ੍ਰਿਫ਼ਤਾਰ ਕੀਤੇ, ਗੈਂਗਸਟਰ ਦੁੱਨੇਕੇ ਦਾ ਸਾਥੀ ਅਸਲੇ ਸਣੇ ਕਾਬੂ
ਲਖਵੀਰ ਸਿੰਘ ਚੀਮਾ
ਟੱਲੇਵਾਲ(ਬਰਨਾਲਾ), 3 ਅਗਸਤ
ਬਰਨਾਲਾ ਪੁਲੀਸ ਨੇ ਦੋ ਵਿਅਕਤੀਆਂ ਨੂੰ 12 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ, ਜਦਕਿ ਦੂਜੇ ਮਾਮਲੇ ਵਿੱਚ ਗੈਂਗਸਟਰ ਦੁੱਨੇਕੇ ਗਰੁੱਪ ਦੇ ਮੈਂਬਰ ਨੂੰ ਹਥਿਆਰਾਂ ਅਤੇ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਕੁਲਵੰਤ ਸਿੰਘ ਅਤੇ ਰਣਜੋਧ ਸਿੰਘ ਉਰਫ਼ ਯੋਧਾ ਲੁਧਿਆਣਾ ਨੂੰ ਸੀਆਈਏ ਸਟਾਫ ਬਰਨਾਲਾ ਨੇ ਕਾਬੂ ਕੀਤਾ ਹੈ, ਜਿਨ੍ਹਾਂ ਦੇ ਟਰੱਕ ਪੀਬੀ-07 ਬੀਕਿਊ-9958 ਵਿੱਚੋਂ 12 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਇਹ ਅਫੀਮ ਝਾਰਖੰਡ ਰਾਜ ਤੋਂ ਲਿਆਏ ਸਨ ਅਤੇ ਇਸ ਨੂੰ ਬਰਨਾਲਾ, ਰਾਏਕੋਟ, ਜਗਰਾਉਂ, ਮੋਗਾ ਜ਼ਿਲ੍ਹਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ। ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਜਾਰੀ ਹੈ। ਇੱਕ ਹੋਰ ਮਾਮਲੇ ਸਬੰਧੀ ਐੱਸਐੱਸਪੀ ਨੇ ਦੱਸਿਆ ਕਿ ਸੀਆਈਏ ਸਟਾਫ਼ ਬਰਨਾਲਾ ਨੇ ਗੁਰਵਿੰਦਰ ਸਿੰਘ ਉਰਫ਼ ਬਿੰਦਾ ਵਾਸੀ ਫਤਿਹਗੜ੍ਹ ਛੰਨਾ ਜ਼ਿਲ੍ਹਾ ਬਰਨਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ਵਿੱਚੋਂ 20 ਗ੍ਰਾਮ ਨਸ਼ੀਲਾ ਚਿੱਟਾ (ਹੈਰੋਇਨ) ਬਰਾਮਦ ਹੋਇਆ ਹੈ। ਇਸੇ ਕੇਸ ਵਿੱਚ ਸਤਨਾਮ ਸਿੰਘ ਉਰਫ਼ ਸੱਤੀ ਵਾਸੀ ਗਲੀ ਨੰਬਰ 12, ਸੇਖਾ ਰੋਡ, ਬਰਨਾਲਾ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਤੋਂ 270 ਗ੍ਰਾਮ ਨਸ਼ੀਲਾ ਪਾਊਡਰ ਅਤੇ ਪਿਸਤੌਲ ਦੇਸੀ 315 ਬੋਰ, ਕਾਰਤੂਸ 315 ਬੋਰ ਬਰਾਮਦ ਕੀਤਾ ਗਿਆ। ਸਤਨਾਮ ਸਿੰਘ ਗੈਂਗਸਟਰ ਸੁੱਖਾ ਦੁੱਨੇਕੇ ਦਾ ਸਰਗਨਾ ਹੈ, ਜੋ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਦਾ ਹੈ ਅਤੇ ਨਸ਼ੇ ਦੀ ਤਸਕਰੀ ਕਰਦਾ ਹੈ।