ਬਰਨਾਲਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਲੱਦਾਖ ਨਾਲ ਸਮਝੌਤਾ ਕਰਨ ਦਾ ਫ਼ੈਸਲਾ
ਰਵਿੰਦਰ ਰਵੀ
ਬਰਨਾਲਾ, 1 ਅਕਤੂਬਰ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੀ ਸਾਲਾਨਾ ਜਨਰਲ ਮੀਟਿੰਗ ਪ੍ਰਧਾਨ ਵਿਵੇਕ ਸਿੰਧਵਾਨੀ ਦੀ ਪ੍ਰਧਾਨਗੀ ਹੇਠ ਅਰੁਣ ਮੈਮੋਰੀਅਲ ਹਾਲ ਵਿੱਚ ਹੋਈ। ਪ੍ਰਧਾਨ ਸਿੰਧਵਾਨੀ ਨੇ ਮੀਟਿੰਗ ਦੌਰਾਨ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਅਤੇ ਦੂਰਦਰਸ਼ੀ ਸਦਕਾ ਬਰਨਾਲਾ ਕ੍ਰਿਕਟ ਨੇ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਕ੍ਰਿਕਟ ਵਿੱਚ ਲੜਕੀਆਂ ਦੀ ਭਾਗੀਦਾਰੀ ਨੂੰ ਵਧਾਉਣ ’ਤੇ ਜ਼ੋਰ ਦਿੱਤਾ, ਤਾਂ ਜੋ ਖੇਡ ਦੇ ਖੇਤਰ ਵਿੱਚ ਬਰਨਾਲਾ ਹੋਰ ਅੱਗੇ ਵਧੇ। ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ 5 ਖਿਡਾਰੀ ਪੰਜਾਬ ਟੀਮ ਲਈ ਚੁਣੇ ਗਏ ਹਨ ਜਦਕਿ 18 ਖਿਡਾਰੀ ਪੰਜਾਬ ਦੇ ਟਰੇਨਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਹਨ। ਇਸ ਦੇ ਨਾਲ ਹੀ, ਬਰਨਾਲਾ ਦੀ ਅੰਡਰ-19 ਟੀਮ ਨੇ ਪਹਿਲੀ ਵਾਰ ਟੈਸਟ ਮੈਚ ਦੇ ਫਾਈਨਲ ਤੱਕ ਪਹੁੰਚਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ, ਐਸੋਸੀਏਸ਼ਨ ਦੀ ਅੰਡਰ-23 ਟੀਮ ਨੇ ਵੀ ਇਸ ਸਾਲ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਤੱਕ ਪਹੁੰਚ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਮੀਟਿੰਗ ਦੌਰਾਨ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਕਿ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਨੂੰ ਲੱਦਾਖ ਕ੍ਰਿਕਟ ਐਸੋਸੀਏਸ਼ਨ ਨਾਲ ਇੱਕ ਸਮਝੌਤਾ ਕਰਨ ਲਈ ਮੈਂਬਰਾਂ ਨੇ ਸਰਬਸੰਮਤੀ ਦਿੱਤੀ। ਇਹ ਫੈਸਲਾ ਬਰਨਾਲਾ ਕ੍ਰਿਕਟ ਦੇ ਫਲਾਉਣ ਅਤੇ ਹੋਰ ਖੇਤਰਾਂ ਵਿੱਚ ਇਸ ਦੀ ਪਹੁੰਚ ਵਧਾਉਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ, ਮੀਟਿੰਗ ਵਿੱਚ ਐਸੋਸੀਏਸ਼ਨ ਵਿੱਚ 10 ਨਵੇਂ ਮੈਂਬਰਾਂ ਦੀ ਭਰਤੀ ਅਤੇ ਜਿਨ੍ਹਾਂ ਮੈਂਬਰਾਂ ਤੇ ਬਕਾਏ ਹਨ, ਉਨ੍ਹਾਂ ਨੂੰ ਐਸੋਸੀਏਸ਼ਨ ਤੋਂ ਕੱਢਣ ਦਾ ਵੀ ਫੈਸਲਾ ਕੀਤਾ ਗਿਆ। ਖ਼ਜ਼ਾਨਚੀ ਸੰਜੇ ਗਰਗ ਨੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਐਸੋਸੀਏਸ਼ਨ ਦੀ ਆਮਦਨ ਅਤੇ ਖਰਚਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਆਉਣ ਵਾਲੇ ਸਾਲ ਲਈ ਨਵੇਂ ਟੀਚੇ ਨਿਰਧਾਰਿਤ ਕੀਤੇ।