ਬਰਨਾਲਾ: ਸੀਪੀਆਈ (ਐੱਮਐੱਲ) ਰੈੱਡ ਸਟਾਰ ਦਾ ਕੁੱਲ ਹਿੰਦ ਸਮਾਗਮ ਸਮਾਪਤ
ਪਰਸ਼ੋਤਮ ਬੱਲੀ
ਬਰਨਾਲਾ, 27 ਨਵੰਬਰ
ਸੀਪੀਆਈ (ਐੱਮਐਲ) ਰੈੱਡ ਸਟਾਰ ਦਾ ਤਿੰਨ ਰੋਜ਼ਾ ਕੁੱਲ ਹਿੰਦ ਪਲੈਨਮ ਇੱਥੇ ਤਰਕਸ਼ੀਲ ਭਵਨ ਦੇ ‘ਸ਼ਹੀਦ ਬੇਅੰਤ ਸਿੰਘ ਮੂੰਮ ਹਾਲ’ ਅਤੇ ‘ਲੋਕ ਕਵੀ ਸੰਤ ਰਾਮ ਉਦਾਸੀ ਨਗਰ’ ਵਿੱਚ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਇਸ ਮੌਕੇ ਸਾਮਰਾਜਵਾਦ, ਮਨੂੰਵਾਦ ਤੇ ਪੂੰਜੀਪਤੀਆਂ ਖ਼ਿਲਾਫ਼ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ।
ਕਾਮਰੇਡ ਲਾਭ ਸਿੰਘ ਅਕਲੀਆ ਨੇ ਦੱਸਿਆ ਕਿ ਇਸ ਪਲੈਨਮ ਵਿੱਚ 15 ਸੂਬਿਆਂ ਤੋਂ ਕਰੀਬ 120 ਡੈਲੀਗੇਟ ਸ਼ਾਮਲ ਹੋਏ। ਇਸ ਦੌਰਾਨ ‘ਜਾਤੀ ਵਿਨਾਸ਼ ਲਹਿਰ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਪ੍ਰਤੀ ਕਮਿਊਨਿਸਟ ਨਜ਼ਰੀਆ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਮਰੇਡ ਪੀਜੇ ਜੇਮਜ਼ ਨੇ ਕਿਹਾ ਕਿ ਫ਼ਲਸਤੀਨ ਵਿੱਚ ਫਾਂਸਿਸਟ ਤੇ ਯੁੱਧ ਅਪਰਾਧੀ ਇਜ਼ਰਾਈਲ ਵਲੋਂ ਲਗਾਤਾਰ ਸਮੂਹਿਕ ਹੱਤਿਆਵਾਂ ਅਤੇ ਨਸਲੀ ਸਫ਼ਾਇਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਟਰੰਪ ਦੀ ਕਥਿਤ ਸਹਿਯੋਗੀ ਆਰਐੱਸਐੱਸ ਵਰਗੀਆ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਵੱਲੋਂ ਦਲਿਤਾਂ, ਆਦਿਵਾਸੀਆਂ, ਔਰਤਾਂ ਅਤੇ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਖ਼ਿਲਾਫ਼ ਨਫ਼ਰਤ ਦੀ ਜ਼ਹਿਰ ਘੋਲੀ ਜਾ ਰਹੀ ਹੈ। ਸੀਪੀਆਈ (ਐੱਮਐੱਲ) ਰੈੱਡ ਸਟਾਰ ਦੀ ਕੇਂਦਰੀ ਕਮੇਟੀ ਨੇ ਦੇਸ਼ ਦੀਆਂ ਠੋਸ ਹਾਲਤਾਂ ਅਨੁਸਾਰ ਆਪਣੇ ਤਿੰਨ ਰੋਜ਼ਾ ਪਲੈਨਮ ਦੇ ਦੌਰਾਨ ਸਾਮਰਾਜਵਾਦ ਵਿਰੋਧੀ ਲੜਾਈ ਨੂੰ ਹੋਰ ਅੱਗੇ ਵਧਾਉਣ ਲਈ ਅਤੇ ਸੰਘੀ ਮਨੂੰਵਾਦੀ ਤਾਕਤਾਂ ਨੂੰ ਉਖਾੜ ਸੁੱਟਣ ਲਈ ਅਤੇ ਦੇਸ਼ ਅੰਦਰ ‘ਹਕੀਕੀ ਆਜ਼ਾਦੀ’ ਦੀ ਲੜਾਈ ਤੇਜ਼ ਕਰਨ ਹਿਤ ਗੰਭੀਰਤਾ ਨਾਲ ਚਰਚਾ ਕੀਤੀ ਗਈ। ਇਸ ਮੌਕੇ ਕਾਮਰੇਡ ਆਰ ਮਨਸੱਈਆ, ਤੁਹਿਨ ਦੇਵ, ਸ਼ੰਕਰ ਦਾਸ, ਸੌਰਾ ਯਾਦਵ, ਕਾਮਰੇਡ ਪ੍ਰੋਮਿਲਾ (ਉੜੀਸਾ), ਕਾਮਰੇਡ ਉਰਮਿਲਾ (ਮੱਧ ਪ੍ਰਦੇਸ਼), ਕਾਮਰੇਡ ਕਬੀਰ, ਕਾਮਰੇਡ ਵਿਜੇ (ਐੱਮ.ਪੀ) ਆਧਾਰਿਤ ਪ੍ਰਜੀਡੀਅਮ ਵੱਲੋਂ ਪੂਰੇ ਪਲੈਨਮ ਦਾ ਸੰਚਾਲਨ ਕੀਤਾ ਗਿਆ।