Barnala Bypolls: ਸੀਪੀਆਈ ਵੱਲੋਂ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ
ਪਰਸ਼ੋਤਮ ਬੱਲੀ
ਬਰਨਾਲਾ, 14 ਨਵੰਬਰ
ਬਰਨਾਲਾ ਜ਼ਿਮਨੀ ਚੋਣਾਂ ਦੇ ਭਖੇ ਅਖਾੜੇ 'ਚ ਵੀਰਵਾਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਹੁਲਾਰਾ ਮਿਲਿਆ ਜਦ ਕਮਿਊਨਿਸਟ ਪਾਰਟੀ ਆਫ਼ ਇੰਡੀਆ (CPI) ਦੀ ਜ਼ਿਲ੍ਹਾ ਕਮੇਟੀ ਨੇ ਮੀਟਿੰਗ ਉਪਰੰਤ ਕਾਲਾ ਢਿੱਲੋਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਸਥਾਨਕ ਬਾਬਾ ਅਰਜਣ ਸਿੰਘ ਭਦੌੜ ਯਾਦਗਾਰੀ ਭਵਨ ਵਿਖੇ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਦੀ ਅਗਵਾਈ ਹੇਠ ਪਾਰਟੀ ਦੀ ਜ਼ਿਲ੍ਹਾ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਹਾਇਕ ਜਥੇਬੰਦੀਆਂ ਦੇ ਆਗੂ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਭਾਵੇਂ ਕੌਮੀ ਪੱਧਰ 'ਤੇ ਸੀਪੀਆਈ 'ਇੰਡੀਆ' ਗੱਠਜੋੜ ਦਾ ਹਿੱਸਾ ਹੈ ਪਰ ਇੱਥੇ ਸਥਾਨਕ ਪੱਧਰ 'ਤੇ ਅਜੇ ਤੱਕ ਚੋਣ ਮੁਹਿੰਮ 'ਚ ਤੁਰਨ ਦਾ ਕੋਈ ਫੈਸਲਾ ਨਹੀਂ ਸੀ ਹੋ ਸਕਿਆ, ਜੋ ਅੱਜ ਹੋਇਆ ਹੈ।
ਚਲਦੀ ਮੀਟਿੰਗ ' ਚ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਪੁੱਜ ਗਏ ਤਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਨੇ ਕਿਹਾ ਕਿ ਕੌਮੀ 'ਇੰਡੀਆ' ਗੱਠਜੋੜ ਦੇ ਚਲਦਿਆਂ ਪਾਰਟੀ ਦੇ ਫ਼ੈਸਲੇ ਅਨੁਸਾਰ ਕਾਂਗਰਸੀ ਉਮੀਦਵਾਰ ਕਾਲਾ ਢਿੱਲੋਂ ਦੀ ਹਮਾਇਤ ਦਾ ਨਿਰਣਾ ਕੀਤਾ ਗਿਆ ਹੈ। ਇਸ ਮੌਕੇ ਕਾਲਾ ਢਿੱਲੋਂ ਨੇ ਉਨ੍ਹਾਂ ਦੀ ਹਮਾਇਤ ਦੇ ਫ਼ੈਸਲੇ ਸਬੰਧੀ ਪਾਰਟੀ ਦੀ ਜ਼ਿਲ੍ਹਾ ਕਮੇਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਜਿੱਤਣ 'ਤੇ ਨਰੇਗਾ ਮਜ਼ਦੂਰਾਂ, ਕਾਮਿਆਂ ਤੇ ਸਮੂਹ ਕਿਰਤੀਆਂ ਦੀਆਂ ਮੰਗਾਂ ਨੂੰ ਵਿਧਾਨ ਸਭਾ 'ਚ ਜ਼ੋਰਦਾਰ ਢੰਗ ਨਾਲ ਉਠਾਉਣਗੇ।
ਕਾਲਾ ਢਿੱਲੋਂ ਨੇ ਇਹ ਵੀ ਕਿਹਾ ਕਿ ਸਮਾਜ ਦੇ ਨਪੀੜੇ ਹਿੱਸੇ ਦਲਿਤ ਗਰੀਬਾਂ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਕਿਉਂਕਿ 'ਕਿਰਤੀ' ਹੀ ਸਮਾਜ ਦੇ ਅਸਲ ਤੇ ਬੁਨਿਆਦੀ ਉਸਰੱਈਏ ਹੁੰਦੇ ਹਨ। ਉਨ੍ਹਾਂ ਕਾਂਗਰਸ ਪਾਰਟੀ ਨੂੰ ਗਰੀਬਾਂ ਦੀ ਹਮੇਸ਼ਾ ਹਮਦਰਦ ਦੱਸਦਿਆਂ ਇਹ ਵੀ ਚੇਤੇ ਕਰਵਾਇਆ ਕਿ ਉਨ੍ਹਾਂ ਪਾਰਟੀ ਕਾਂਗਰਸ ਨੇ ਹੀ ਮਜ਼ਦੂਰਾਂ ਲਈ ਰੁਜ਼ਗਾਰ ਗਰੰਟੀ ਵਾਲੀ ਸਭ ਤੋਂ ਵੱਡੀ ਪੇਂਡੂ ਖੇਤਰਾਂ ਵਿੱਚ ਦੇਸ਼ਵਿਆਪੀ ‘ਮਗਨਰੇਗਾ’ ਸਕੀਮ ਲਿਆਂਦੀ ਤੇ ਐਕਟ ਬਣਾ ਕੇ ਲਾਗੂ ਵੀ ਕੀਤੀ ਸੀ।
ਉਨ੍ਹਾਂ ਭਾਜਪਾ ਦੀ ਕੇਂਦਰੀ ਮੋਦੀ ਸਰਕਾਰ 'ਤੇ ਇਸ ਯੋਜਨਾ ਨੂੰ ਖ਼ਤਮ ਕਰਨ ਦੇ ਦੋਸ਼ ਲਗਾਏ ਤੇ ਕਿਹਾ ਕਿ ਭਾਜਪਾ ਦੀਆਂ ਫਿਰਕਾਪ੍ਰਸਤ ਨੀਤੀਆਂ ਭਾਈਚਾਰਕ ਫੁੱਟ ਨੂੰ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਸੂਬਾਈ 'ਆਪ' ਸਰਕਾਰ ਨੂੰ ਵੀ ਭੰਡਦਿਆਂ ਕਿਹਾ ਕਿ ਵੱਡੇ ਵੱਡੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ਼ ਹੋਣ ਪਿੱਛੋਂ ਭਗਵੰਤ ਮਾਨ ਸਰਕਾਰ ਨੇ ਨਵੇਂ ਰੁਜ਼ਗਾਰ ਤਾਂ ਕੀ ਦੇਣੇ ਸਨ, ਸਗੋਂ ਮਗਨਰੇਗਾ ਤਹਿਤ 100 ਦਿਨ ਦਾ ਕੰਮ ਵੀ ਮਜ਼ਦੂਰਾਂ ਨੂੰ ਨਹੀਂ ਦਿੱਤਾ। ਉਨ੍ਹਾਂ ਸੀਪੀਆਈ ਵਰਕਰਾਂ ਨੂੰ ਆਪਣੀ ਚੋਣ ਮੁਹਿੰਮ ਦਾ ਹਿੱਸਾ ਬਣ ਕੇ ਸਰਗਰਮ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਸੀਪੀਆਈ ਦੇ ਜ਼ਿਲ੍ਹਾ ਮੀਤ ਸਕੱਤਰ ਜੁਗਰਾਜ ਸਿੰਘ ਰਾਮਾ, ਜ਼ਿਲ੍ਹਾ ਕੌਂਸਲ ਮੈਂਬਰ ਅਡਵੋਕੇਟ ਹਾਕਮ ਸਿੰਘ ਭੁੱਲਰ ਤੇ ਪਰਮਜੀਤ ਸਿੰਘ ਗਾਂਧੀ, ਸਾਬਕਾ ਜ਼ਿਲ੍ਹਾ ਸਕੱਤਰ ਉਜਾਗਰ ਸਿੰਘ ਬੀਹਲਾ, ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਰਣਜੀਤ ਕੌਰ, ਪ੍ਰਧਾਨ ਪਰਮਜੀਤ ਕੌਰ, ਮੀਤ ਸਕੱਤਰ ਗੁਰਮੀਤ ਕੌਰ ਤੇ ਵੇਅਰਹਾਊਸਿੰਗ ਮੁਲਾਜ਼ਮ ਆਗੂ ਮੋਹਣ ਸਿੰਘ ਕਸਿਆੜਾ ਆਦਿ ਵੀ ਹਾਜ਼ਰ ਸਨ। ਅਖ਼ੀਰ ਜ਼ਿਲ੍ਹਾ ਸਕੱਤਰ ਖੁਸ਼ੀਆ ਸਿੰਘ ਨੇ ਪਾਰਟੀ ਦੇ ਵੱਖ ਵੱਖ ਵਿੰਗਾਂ ਜਿਵੇਂ ਏਟਕ, ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ, ਪੰਜਾਬ ਇਸਤਰੀ ਸਭਾ, ਦੀ ਕਲਾਸ ਫ਼ੋਰ ਗੌਰਮਿੰਟ ਐਂਪਲਾਈਜ਼ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਤੇ ਪੰਜਾਬ ਕਿਸਾਨ ਸਭਾ ਦੇ ਸਥਾਨਕ ਆਗੂਆਂ ਤੇ ਵਰਕਰਾਂ ਨੂੰ ਕਾਲਾ ਢਿੱਲੋਂ ਦੇ ਹੱਕ 'ਚ ਜੁਟਣ ਦਾ ਸੱਦਾ ਦਿੱਤਾ। ਉਨ੍ਹਾਂ ਕਾਲਾ ਢਿੱਲੋਂ ਨੂੰ ਜਿੱਤ ਦਾ ਯਕੀਨ ਦਿਵਾਇਆ।