ਬਰਨਾਲਾ ਜ਼ਿਮਨੀ ਚੋਣ: ਗੁਰਦੀਪ ਬਾਠ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ
ਪਰਸ਼ੋਤਮ ਬੱਲੀ
ਬਰਨਾਲਾ, 22 ਅਕਤੂਬਰ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਟਿਕਟ ਨਾ ਮਿਲਣ ਤੋਂ ਖਫ਼ਾ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਬਾਠ ਨੇ ਅੱਜ ਜਿੱਥੇ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਉਥੇ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਸੂਬੇ ’ਚ ਜ਼ਿਮਨੀ ਚੋਣਾਂ ਲਈ ਪਾਰਟੀ ਵੱਲੋਂ ਉਮੀਦਵਾਰਾਂ ਦੇ ਕੀਤੇ ਐਲਾਨ ਸਮੇਂ ਹੀ ਗੁਰਦੀਪ ਸਿੰਘ ਬਾਠ ਨੇ ਇੱਥੇ ਹਮਾਇਤੀਆਂ ਦੀ ਮੀਟਿੰਗ ਉਪਰੰਤ ਮੀਡੀਆ ਕਾਨਫਰੰਸ ਕਰਕੇ ਪਾਰਟੀ ਵੱਲੋਂ ਐਲਾਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਜਮਾਤੀ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੀ ਟਿਕਟ ਰੱਦ ਕਰਨ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਪੰਜਾਬ ਮਾਮਲਿਆਂ ਦੇ ਇੰਚਾਰਜ ‘ਆਪ’ ਆਗੂ ਸੰਦੀਪ ਪਾਠਕ ਨੇ ਅੱਜ ਸੁਵਖ਼ਤੇ ਬਰਨਾਲਾ ਪੁੱਜ ਕੇ ਬਾਠ ਨੂੰ ਸੂਬਾ ਪੱਧਰੀ ਅਹੁਦੇ ਦੀ ਪੇਸ਼ਕਸ਼ ਕਰਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰਦੀਪ ਬਾਠ ਆਪਣੀ ਉਮੀਦਵਾਰ ਬਦਲਣ ਦੀ ਮੰਗ ’ਤੇ ਅੜੇ ਰਹੇ। ਇਸ ਤੋਂ ਪਿੱਛੋਂ ਨਾਰਾਜ਼ਗੀ ਬਰਕਰਾਰ ਰੱਖਦਿਆਂ ਸ੍ਰੀ ਬਾਠ ਨੇ ਸਮਰਥਕਾਂ ਨਾਲ ਆਪਣੇ ਘਰ ਵਿੱਚ ਮੀਟਿੰਗ ਉਪਰੰਤ ਚੇਅਰਮੈਨੀ ਤੋਂ ਅਸਤੀਫ਼ਾ ਦੇ ਕੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਰਿੰਦਰ ਧਾਲੀਵਾਲ ਦੀ ਸਿਵਾਏ ਮੀਤ ਹੇਅਰ ਨਾਲ ‘ਯਾਰੀ’ ਦੇ ਹੋਰ ਕੋਈ ਵੀ ਪਾਰਟੀ ਨੂੰ ਦੇਣ ਨਹੀਂ, ਜਦੋਂ ਕਿ ਉਨ੍ਹਾਂ ਪਾਰਟੀ ਲਈ ਮੁੱਢ ਤੋਂ ਹੀ ਦਿਨ ਰਾਤ ਇੱਕ ਕੀਤਾ। ਉਨ੍ਹਾਂ ਗਿਲਾ ਕੀਤਾ ਕਿ ਪਾਰਟੀ ਨੇ ਕੰਮ ਦੀ ਥਾਂ ‘ਦੋਸਤੀ’ ਨੂੰ ਤਰਜੀਹ ਦਿੱਤੀ ਜੋ ਪਾਰਟੀ ਦੇ ਭਵਿੱਖ ਲਈ ਮਾਰੂ ਸਾਬਤ ਹੋਵੇਗਾ। ਫੈਸਲੇ ਉਪਰੰਤ ਬਾਠ ਨੇ ਆਪਣੇ ਜੱਦੀ ਪਿੰਡ ਕੱਟੂ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਵੱਖ-ਵੱਖ ਨੇੜਲੇ ਪਿੰਡਾਂ ਵਿੱਚ ਮੁਹਿੰਮ ਵੀ ਆਰੰਭ ਕਰ ਦਿੱਤੀ ਹੈ। ਇਸ ਮੌਕੇ ਸੀਨੀਅਰ ਸਾਬਕਾ ਸੂਬਾਈ ਆਗੂ ਮਾ. ਪ੍ਰੇਮ ਕੁਮਾਰ, ਸ਼ਹਿਰੀ ਪ੍ਰਧਾਨ ਹਰੀ ਓਮ ਤੇ ਕਿਰਨਦੀਪ ਕੌਰ ਬਾਠ ਹਾਜ਼ਰ ਸਨ।