ਬਰਨਾਲਾ ਜ਼ਿਮਨੀ ਚੋਣ: ਮਹਿਲਾਂ ਦੇ ਕੁੱਲੀਆਂ ਨਾਲ ਮੁਕਾਬਲੇ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 27 ਅਕਤੂਬਰ
ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿੱਚ ‘ਕੁੱਲੀਆਂ ਵਾਲਿਆਂ’ ਦਾ ਮੁਕਾਬਲਾ ‘ਮਹਿਲਾਂ ਵਾਲਿਆਂ’ ਨਾਲ ਹੋਵੇਗਾ। ਚੋਣ ਲੜ ਰਹੇ 20 ਉਮੀਦਵਾਰਾਂ ’ਚੋਂ ਮੁੱਖ ਪਾਰਟੀਆਂ ਦੇ ਸਾਰੇ ਉਮੀਦਵਾਰ ਕਰੋੜਪਤੀ ਹਨ, ਜਦਕਿ ਕੁਝ ਹਜ਼ਾਰਾਂ ਰੁਪਏ ਦੇ ਮਾਲਕ ਵੀ ਮੈਦਾਨ ਵਿੱਚ ਨਿੱਤਰੇ ਹੋਏ ਹਨ। ਭਾਜਪਾ ਉਮੀਦਵਾਰ ਕੇਵਲ ਢਿੱਲੋਂ ਕੁੱਲ 57.53 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਕੋਲ ਮਹਿੰਗੀਆਂ ਘੜੀਆਂ, ਹੀਰੇ ਅਤੇ ਸੋਨਾ ਵੀ ਹੈ। ਉਨ੍ਹਾਂ ਸਿਰ 44 ਲੱਖ ਰੁਪਏ ਦਾ ਕਰਜ਼ਾ ਵੀ ਹੈ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਢਿੱਲੋਂ 1 ਅਰਬ 54 ਕਰੋੜ ਦੀ ਮਾਲਕ ਹੈ। ਉਨ੍ਹਾਂ ਦੇ ਸਪੇਨ ਅਤੇ ਦੁਬਈ ਵਿੱਚ ਵੀ ਘਰ ਹਨ।
ਕਾਂਗਰਸ ਉਮੀਦਵਾਰ ਕੁੁਲਦੀਪ ਸਿੰਘ ਢਿੱਲੋਂ ਵੀ ਕਰੋੜਪਤੀ ਹਨ। ਉਨ੍ਹਾਂ ਕੋਲ ਕੁੱਲ 7 ਕਰੋੜ 55 ਲੱਖ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਹੈ। ਉਨ੍ਹਾਂ ਸਿਰ ਵੀ 17 ਲੱਖ 99 ਹਜ਼ਾਰ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਦੀ ਪਤਨੀ ਰਣਦੀਪ ਕੌਰ ਢਿੱਲੋਂ 1 ਕਰੋੜ 75 ਲੱਖ ਰੁਪਏ ਦੀ ਮਾਲਕ ਹੈ।
ਇਸੇ ਤਰ੍ਹਾਂ ‘ਆਪ’ ਉਮੀਦਵਰ ਹਰਿੰਦਰ ਸਿੰਘ ਕੋਲ 53 ਲੱਖ 13 ਹਜ਼ਾਰ ਅਤੇ ਉਨ੍ਹਾਂ ਦੀ ਪਤਨੀ ਕੋਲ 1 ਕਰੋੜ 57 ਲੱਖ ਰੁਪਏ ਦੀ ਪ੍ਰਾਪਰਟੀ ਹੈ। ‘ਆਪ’ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਗੁਰਦੀਪ ਸਿੰਘ ਬਾਠ ਕੋਲ 1 ਕਰੋੜ 35 ਲੱਖ ਰੁਪਏ ਦੀ ਜਾਇਦਾਦ ਹੈ ਜਦਕਿ ਉਨ੍ਹਾਂ ਦੀ ਪਤਨੀ ਨਵਦੀਪ ਕੌਰ 87 ਲੱਖ ਰੁਪਏ ਦੀ ਮਾਲਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ 49 ਕਰੋੜ 82 ਲੱਖ ਦੀ ਜਾਇਦਾਦ ਦੇ ਮਾਲਕ ਹਨ। ਗੋਬਿੰਦ ਸਿੰਘ ਸੰਧੂ ਉਪਰ 6.34 ਕਰੋੜ ਦਾ ਕਰਜ਼ਾ ਵੀ ਹੈ।
ਇਸ ਦੇ ਉਲਟ ਨਿਗੂਣੀ ਜਾਇਦਾਦ ਵਾਲੇ ਕੁਝ ਆਜ਼ਾਦ ਉਮੀਦਵਾਰਾਂ ਨੇ ਚੋਣ ਲੜਨ ਦਾ ਜੇਰਾ ਕੀਤਾ ਹੈ। ਰਿਕਸ਼ਾ ਚਾਲਕ ਤਰਸੇਮ ਸਿੰਘ ਕੋਲ ਸਿਰਫ 30 ਹਜ਼ਾਰ ਰੁਪਏ ਦੀ ਜਾਇਦਾਦ ਹੈ। ਐੱਲਐੱਲਬੀ ਪਾਸ ਬੱਗਾ ਸਿੰਘ ਕਾਹਨੇਕੇ ਢਾਈ ਲੱਖ ਦੀ ਜਾਇਦਾਦ ਨਾਲ ਤਕੜਿਆਂ ਨੂੰ ਟੱਕਰ ਦੇਣ ਲਈ ਚੋਣ ਮੈਦਾਨ ’ਚ ਹੈ। ਸਰਦੂਲ ਸਿੰਘ ਵੀ 1 ਲੱਖ 20 ਹਜ਼ਾਰ ਨਾਲ ਚੋਣ ਮੈਦਾਨ ਵਿੱਚ ਹੈ।