ਬਰਨਾਲਾ ਜ਼ਿਮਨੀ ਚੋਣ: ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਭਖਾਇਆ ਪ੍ਰਚਾਰ
ਪਰਸ਼ੋਤਮ ਬੱਲੀ
ਬਰਨਾਲਾ, 30 ਅਕਤੂਬਰ
ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਅੱਜ ਆਪਣੀ ਚੋਣ ਮੁਹਿੰਮ ਨੂੰ ਭਖਾਉਂਦਿਆਂ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਕੀਤੀਆਂ।
ਪਾਰਟੀ ਦੇ ਸਥਾਨਕ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸਿਆਸੀ ਪੁਲੀਸ ਤੇ ਅਪਰਾਧੀਆਂ ਦੇ ਗੱਠਜੋੜ ਕਾਰਨ ਦਿਨੋ ਦਿਨ ਬਦਤਰ ਹੋ ਰਹੀ ਹੈ। ਨਸ਼ੇੜੀ, ਝਪਟਮਾਰ ਤੇ ਚੋਰ ਬਿਨਾਂ ਖ਼ੌਫ਼ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਵਾਅਦਾ ਕੀਤਾ ਕਿ ਜੇ ਬਰਨਾਲੇ ਦੇ ਲੋਕ ਉਨ੍ਹਾਂ ਨੂੰ ਜਿੱਤ ਦਿਵਾਉਂਦੇ ਹਨ ਤਾਂ ਉਹ ਤਰਜੀਹੀ ਤੌਰ ’ਤੇ ਥਾਣਿਆਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਗੇ। ਉਨ੍ਹਾਂ ਝੋਨੇ ਦੀ ਨੁਕਸਦਾਰ ਖਰੀਦ ਪ੍ਰਕਿਰਿਆ ਲਈ ਸੂਬੇ ਦੀ ‘ਆਪ’ ਸਰਕਾਰ ਦੀ ਨਾਅਹਿਲੀਅਤ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਸਰਕਾਰ ‘ਅਯੋਗ’ ਹੱਥਾਂ ਵਿੱਚ ਹੈ। ਇਸੇ ਕਾਰਨ ਲੋਕਾਂ ਦੀ ਆਰਥਿਕਤਾ ਠੱਪ ਹੋਈ ਪਈ ਹੈ। ਉਨ੍ਹਾਂ ਆਪਣੇ ਨਾਨਾ ਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸੰਸਦ ਮੈਂਬਰ ਰਹਿੰਦੇ ਕਰਵਾਏ ਵਿਕਾਸ ਕੰਮ ਗਿਣਾਏ ਤੇ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੇ ਇਸਤਰੀ ਵਿੰਗ ਸੂਬਾ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋ, ਜਨਰਲ ਸਕੱਤਰ ਕੁਸ਼ਲਪਾਲ ਸਿੰਘ ਮਾਨ ਚੰਡੀਗੜ੍ਹ, ਜਥੇਦਾਰ ਬਲਦੇਵ ਸਿੰਘ ਗਗੜਾ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ, ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ, ਪ੍ਰਿੰਸੀਪਲ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਖੁੱਡੀ, ਜਥੇਦਾਰ ਜਸਵਿੰਦਰ ਸਿੰਘ ਚੰਦ ਭਾਨ, ਸਿਮਰ ਸਿੰਘ ਕਾਂਝਲਾ ਆਦਿ ਆਗੂ ਵੀ ਹਾਜ਼ਰ ਸਨ।