ਬਰਨਾਲਾ: ਖੁੱਡੀਆਂ ਦੀ ਠੀਕਰੀਵਾਲਾ ਆਮਦ ਦਾ ਬੀਕੇਯੂ ਡਕੌਂਦਾ ਵੱਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ
ਪਰਸ਼ੋਤਮ ਬੱਲੀ
ਬਰਨਾਲਾ, 19 ਜਨਵਰੀ
ਕੁੱਲਰੀਆਂ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਦੀ ਲੜੀ ਤਹਿਤ ਬੀਕੇਯੂ ਡਕੌਂਦਾ (ਧਨੇਰ) ਵੱਲੋਂ ਨੇੜਲੇ ਪਿੰਡ ਠੀਕਰੀਵਾਲਾ ਵਿਖੇ ਪਰਜਾਮੰਡਲ ਲਹਿਰ ਦੇ ਮੋਢੀ ਆਗੂ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ 90ਵੇਂ ਬਰਸੀ ਸਮਾਗਮ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਆਮਦ ਸਮੇਂ ਧਰਨਾ ਦਿੱਤਾ ਗਿਆ ਤੇ ਕਾਲੀਆਂ ਦਿਖਾਈਆਂ ਗਈਆਂ। ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਜਨਰਲ ਸਕੱਤਰ ਸਾਹਿਬ ਸਿੰਘ ਬਡਬਰ, ਕੁਲਵੰਤ ਸਿੰਘ ਭਦੌੜ ਤੇ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕੁੱਲਰੀਆਂ (ਮਾਨਸਾ) ਦੇ ਅਬਾਦਕਾਰ ਕਿਸਾਨਾਂ ਦੀ ਜ਼ਮੀਨ ਦੀ ਰਾਖੀ ਲਈ ਚੱਲ ਰਹੇ ਸੰਘਰਸ਼ ਪ੍ਰਤੀ ਹਕੂਮਤ ਵੱਲੋਂ ਧਾਰੀ ਚੁੱਪ ਨੂੰ ਤੋੜਨ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਆਮਦ ਸਮੇਂ ਕਾਲੀਆਂ ਝੰਡੀਆਂ ਨਾਲ ਵਿਖਾਵਾ ਕੀਤਾ ਗਿਆ ਹੈ।
ਮੰਤਰੀ ਖੁੱਡੀਆਂ ਵੱਲੋਂ ਪ੍ਰਸ਼ਾਸਨਿਕ ਆਧਿਕਾਰੀਆਂ ਰਾਹੀਂ ਮਸਲੇ 'ਤੇ ਮੁੜ ਵਿਚਾਰ ਕਰਕੇ ਇਨਸਾਫ਼ ਦਿਵਾਉਣ ਦੇ ਦਿੱਤੇ ਭਰੋਸੇ ਉਪਰੰਤ ਧਰਨਾਕਾਰੀਆਂ ਧਰਨਾ ਚੁੱਕਿਆ। ਇਸ ਮੌਕੇ ਰਾਮ ਸਿੰਘ ਸ਼ਹਿਣਾ, ਭੋਲਾ ਸਿੰਘ ਛੰਨਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ , ਕਾਲਾ ਸਿੰਘ ਜੈਦ, ਰਣ ਸਿੰਘ ਉੱਪਲੀ, ਸਤਨਾਮ ਸਿੰਘ ਮੂੰਮ,ਅਮਰਜੀਤ ਸਿੰਘ ਠੁੱਲੀਵਾਲ, ਕੁਲਵੰਤ ਸਿੰਘ ਹੰਢਿਆਇਆ, ਸੁਖਦੇਵ ਸਿੰਘ ਕੁਰੜ, ਗੋਪਾਲ ਕ੍ਰਿਸ਼ਨ ਹਮੀਦੀ ਤੇ ਬਲਵੰਤ ਸਿੰਘ ਠੀਕਰੀਵਾਲਾ ਹਾਜ਼ਰ ਸਨ। ਜਥੇਬੰਦੀ ਨੇ ਡੀਐੱਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਚੱਲ ਰਹੇ ਪੱਕੇ ਮੋਰਚੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਜਾਰੀ ਰੱਖਣ ਦਾ ਅਹਿਦ ਕੀਤਾ।