ਅਦਾਲਤ ਵੱਲੋਂ ਬਰਜਿੰਦਰ ਹੁਸੈਨਪੁਰ ਬਰੀ
ਲਾਜਵੰਤ ਸਿੰਘ
ਨਵਾਂਸ਼ਹਿਰ, 7 ਅਗਸਤ
ਪਿਛਲੇ ਸਾਲ ਵਿਧਾਨ ਸਭਾ ਚੋਣਾਂ ਸਮੇਂ ਹਲਕਾ ਨਵਾਂਸ਼ਹਿਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਐਸ.ਡੀ.ਐਮ. ਵਲੋਂ ਦਰਜ ਕਰਵਾਏ ਮੁਕੱਦਮੇ ’ਚੋਂ ਬਰਜਿੰਦਰ ਸਿੰਘ ਹੁਸੈਨਪੁਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਚੀਫ ਜ਼ੁਡੀਸ਼ੀਅਲ ਮੈਜਿਸਟੇ੍ਟ ਦੀ ਅਦਾਲਤ ਵਲੋਂ ਦਿੱਤੇ ਫੈਸਲੇ ਵਿੱਚ ਐਸ.ਡੀ.ਐਮ ਕਮ ਰਿਟਰਨਿੰਗ ਅਫਸਰ ਅਤੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਵੀ ਖੜ੍ਹੇ ਕੀਤੇ ਗਏ ਹਨ।
ਅੱਜ ਨਵਾਂਸ਼ਹਿਰ ਵਿਖੇ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਬਰਜਿੰਦਰ ਸਿੰਘ ਹੁਸੈਨਪੁਰ ਨੇ ਦੱਸਿਆ ਕਿ ਇਹ ਝੂਠਾ ਕੇਸ ਉਹਨਾਂ ਨੂੰ ਬਦਨਾਮ ਕਰਨ ਅਤੇ ਰਾਜਸੀ ਤੌਰ ’ਤੇ ਨੁਕਸਾਨ ਪਹੁੰਚਾਉਣ ਲਈ ਹੀ ਦਰਜ ਕਰਵਾਇਆ ਗਿਆ ਸੀ। ਜਾਅਲਸਾਜ਼ੀ ਜਾਂ ਗਲਤ ਬਿਆਨੀ ਬਾਰੇ ਤਾਂ ਉਹ ਸੋਚ ਵੀ ਨਹੀਂ ਸਕਦੇ। ਉਹਨਾਂ ਦੱਸਿਆ ਕਿ ਮਿਤੀ 03/02/2022 ਨੂੰ ਐਸ.ਡੀ.ਐਮ.ਕਮ ਰਿਟਰਨਿੰਗ ਅਫਸਰ ਨਵਾਂਸ਼ਹਿਰ ਨੇ ਪੁਲੀਸ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬਰਜਿੰਦਰ ਸਿੰਘ ਵਲੋਂ ਪੇਸ਼ ਕੀਤੇ ਫਾਰਮ ‘ਏ’ ਅਤੇ ‘ਬੀ’ ਬਹੁਜਨ ਸਮਾਜ ਪਾਰਟੀ ਵਲੋਂ ਜਾਰੀ ਨਹੀਂ ਕੀਤੇ ਗਏ ਹੋਣ ਕਰਕੇ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਬਿਨਾਂ ਕੋਈ ਪੜਤਾਲ ਕੀਤਿਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਕਿਹਾ ਕਿ ਉਹ ਨਰੋਆ ਪੰਜਾਬ ਸੰਸਥਾ ਦੇ ਸਮੂਹ ਮੈਂਬਰਾਂ ਨਾਲ ਮੀਟਿੰਗ ਕਰਨ ਅਤੇ ਆਪਣੇ ਵਕੀਲਾਂ ਦੇ ਮਸ਼ਵਰੇ ਤੋਂ ਬਾਅਦ ਜਲਦ ਅਗਲੇਰੀ ਕਾਰਵਾਈ ਲਈ ਫੈਸਲਾ ਲੈਣਗੇ ਤਾਂ ਕਿ ਅਜੋਕੇ ਸਮੇਂ ਦੌਰਾਨ ਕੋਈ ਹੋਰ ਵਿਅਕਤੀ ਕਿਸੇ ਦਾ ਰਾਜਸੀ ਕਰੀਅਰ ਖਰਾਬ ਨਾ ਕਰ ਸਕੇ। ਇਸ ਮੌਕੇ ਉਹਨਾਂ ਨਾਲ ਸੁਰਿੰਦਰ ਸਿੰਘ, ਵਰਿੰਦਰ ਸਿੰਘ, ਮੱਖਣ ਸਿੰਘ, ਅਵਤਾਰ ਸਿੰਘ ਵੀ ਮੌਜੂਦ ਸਨ।