ਬਰਿੰਦਰ ਢਿੱਲੋਂ ਨੇ ਘਨੌਲੀ ਮੰਡੀ ’ਚ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ
ਜਗਮੋਹਨ ਸਿੰਘ
ਘਨੌਲੀ, 14 ਅਕਤੂਬਰ
ਅਨਾਜ ਮੰਡੀ ਘਨੌਲੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਕਾਂਗਰਸ ਕਮੇਟੀ ਦੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਝੋਨਾ ਨਾ ਵਿਕਣ ਤੋਂ ਦੁਖੀ ਕਿਸਾਨਾਂ ਦੇ ਦੁੱਖੜੇ ਸੁਣਨ ਲਈ ਅੱਜ ਘਨੌਲੀ ਮੰਡੀ ਦਾ ਦੌਰਾ ਕੀਤਾ। ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਿਛਲੇ ਕਈ ਕਈ ਦਿਨਾਂ ਤੋਂ ਮੰਡੀ ਵਿੱਚ ਝੋਨਾ ਵੇਚਣ ਲਈ ਬੈਠੇ ਹਨ, ਪਰ ਫ਼ਸਲ ਨਹੀਂ ਖਰੀਦੀ ਜਾ ਰਹੀ।
ਅਮਨਦੀਪ ਸਿੰਘ ਲਾਲੀ, ਰਾਮ ਸਿੰਘ ਘਨੌਲਾ, ਬਲਜੀਤ ਸਿੰਘ ਰਾਵਲਮਾਜਰਾ, ਅਮਰਜੀਤ ਸਿੰਘ ਮਕੌੜੀ, ਸਮਸ਼ੇਰ ਸਿੰਘ ਮਕੌੜੀ ਆਦਿ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਕੱਲ੍ਹ ਤੱਕ ਝੋਨੇ ਦੀ ਖ਼ਰੀਦ ਨਾ ਕੀਤੀ ਤਾਂ 16 ਅਕਤੂਬਰ ਨੂੰ ਘਨੌਲੀ ਇਲਾਕੇ ਦੇ ਕਿਸਾਨਾਂ ਵੱਲੋਂ ਘਨੌਲੀ ਬੈਰੀਅਰ ਨੇੜੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਹੱਲ ਨਾ ਦੀ ਸੂਰਤ ਵਿੱਚ 17 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾਵੇਗਾ। ਕਾਂਗਰਸ ਆਗੂ ਬਰਿੰਦਰ ਢਿੱਲੋਂ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ।