For the best experience, open
https://m.punjabitribuneonline.com
on your mobile browser.
Advertisement

ਪ੍ਰਾਪਰਟੀ ਕਾਰੋਬਾਰੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਨੰਗੇ ਧੜ ਪ੍ਰਦਰਸ਼ਨ

08:04 AM Oct 15, 2024 IST
ਪ੍ਰਾਪਰਟੀ ਕਾਰੋਬਾਰੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਨੰਗੇ ਧੜ ਪ੍ਰਦਰਸ਼ਨ
ਮੁਕਤਸਰ ਦੇ ਡੀਸੀ ਦਫ਼ਤਰ ਅੱਗੇ ਨੰਗੇ ਧੜ ਧਰਨਾ ਦਿੰਦੇ ਹੋਏ ਪ੍ਰਾਪਰਟੀ ਡੀਲਰ ਤੇ ਹੋਰ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ
ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਨੇ ਕੁਲੈਕਟਰ ਰੇਟ ਦਾ ਵਾਧਾ ਵਾਪਸ ਲੈਣ ਦੀ ਮੰਗ ਸਬੰਧੀ ਧਰਨੇ ਦੇ ਅੱਠਵੇਂ ਦਿਨ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਨੰਗੇ ਧੜ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਪ੍ਰਧਾਨ ਅਸ਼ੋਕ ਚੁੱਘ ਅਤੇ ਕਰਮਜੀਤ ਸਿੰਘ ਕਰਮਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਲੋਕ ਵਿਰੋਧੀ ਫ਼ੈਸਲਿਆਂ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨੰਗੇ ਧੜ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪ੍ਰਸ਼ਾਸਨ ਨੇ ਕੁਲੈਕਟਰ ਰੇਟ ਕਈ ਗੁਣਾ ਵਧਾ ਦਿੱਤੇ ਅਤੇ ਫਿਰ ਜਥੇਬੰਦੀ ਦੀ ਵਾਰ-ਵਾਰ ਕੁਲੈਕਟਰ ਰੇਟ ਘਟਾਉਣ ਦੀ ਮੰਗ ’ਤੇ ਧਿਆਨ ਦੇਣ ਦੀ ਬਜਾਏ ਆਗੂਆਂ ਨਾਲ ਕਥਿਤ ਦੁਰਵਿਹਾਰ ਕੀਤਾ, ਜਿਸ ਕਾਰਨ ਧਰਨਾ ਸ਼ੁਰੂ ਕੀਤਾ ਹੈ। ਇਸ ਧਰਨੇ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ, ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਸਣੇ ਹੋਰ ਆਗੂ ਸਮਰਥਨ ਦੇ ਚੁੱਕੇ ਹਨ।
ਧਰਨਾਕਾਰੀ ਰੋਜ਼ ਸਵੇਰੇ ਅਤੇ ਸ਼ਾਮ ਨੂੰ ਕੋਟਕਪੂਰਾ ਚੌਕ ਨੇੜੇ ਮੁਜ਼ਾਹਰਾ ਕਰਦੇ ਹਨ ਅਤੇ ਦਿਨ ਸਮੇਂ ਸ਼ਹਿਰ ਵਿੱਚ ਰੈਲੀਆਂ ਕਰਕੇ ਰੋਸ ਪ੍ਰਗਟਾਵਾ ਕਰਦੇ ਹਨ। ਅੱਜ ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਮੱਝ ਅੱਗੇ ਬੀਨ ਵਜਾ ਕੇ ਸੰਕੇਤ ਦਿੱਤਾ ਕਿ ਉਨ੍ਹਾਂ ਦੇ ਰੋਸ ਪ੍ਰਗਟਾਵੇ ਦਾ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋ ਰਿਹਾ।

Advertisement

ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਛੇਤੀ ਕਾਰਵਾਈ ਦਾ ਭਰੋਸਾ

ਜ਼ਿਲ੍ਹਾ ਮਾਲ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਮੁਜ਼ਾਹਰਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਕੁਲੈਕਟਰ ਰੇਟਾਂ ਦੀ ਸੁਧਾਈ ਵਾਸਤੇ ਜਥੇਬੰਦੀ ਵੱਲੋਂ ਦੱਸੇ ਅਨੁਸਾਰ ਜਲਦੀ ਹੀ ਕਾਰਵਾਈ ਕਰੇਗਾ। ਇਸ ਉਪਰੰਤ ਮੁਜ਼ਾਹਰਾਕਾਰੀਆਂ ਵੱਲੋਂ ਧਰਨਾ ਸਮਾਪਤ ਕਰਦਿਆਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਕੋਟਕਪੂਰਾ ਚੌਕ ਨੇੜੇ ਚੱਲ ਰਿਹਾ ਧਰਨਾ ਲਗਤਾਰ ਜਾਰੀ ਰੱਖਣ ਦਾ ਐਲਾਨ ਕੀਤਾ।

Advertisement

Advertisement
Author Image

joginder kumar

View all posts

Advertisement