ਰੂਪਨਗਰ ਦੀ ਅਨਾਜ ਮੰਡੀ ਵਿੱਚ ਬਾਰਦਾਨਾ ਮੁੱਕਿਆ
ਜਗਮੋਹਨ ਸਿੰਘ
ਰੂਪਨਗਰ, 4 ਨਵੰਬਰ
ਰੂਪਨਗਰ ਦੀ ਅਨਾਜ ਮੰਡੀ ਵਿੱਚ ਕਿਸਾਨ ਤੇ ਆੜ੍ਹਤੀ ਪਿਛਲੇ ਕਰੀਬ ਦੋ ਦਿਨਾਂ ਤੋਂ ਬਾਰਦਾਨੇ ਦਾ ਇੰਤਜ਼ਾਰ ਕਰ ਰਹੇ ਹਨ, ਪਰ ਸਬੰਧਤ ਵਿਭਾਗ ਵੱਲੋਂ ਖ਼ਬਰ ਲਿਖੇ ਜਾਣ ਤੱਕ ਮੰਡੀ ਵਿੱਚ ਬਾਰਦਾਨੇ ਦਾ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਸੀ।
ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ ਨੇ ਦੱਸਿਆ ਕਿ ਰੂਪਨਗਰ ਦੀ ਮੰਡੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਆਪਣੀ ਵਾਰੀ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਹਨ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਕਿਸਾਨਾਂ ਦੀ ਵਾਰੀ ਆਈ ਤਾਂ ਮੰਡੀ ਵਿੱਚੋਂ ਬਾਰਦਾਨਾ ਮੁੱਕ ਗਿਆ ਹੈ ਅਤੇ ਪਹਿਲਾਂ ਭਰੀ ਜਾ ਚੁੱਕੀ ਫ਼ਸਲ ਚੁਕਾਈ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਚੁਕਾਈ ਦੀ ਸੁਸਤ ਰਫ਼ਤਾਰ ਅਤੇ ਬਾਰਦਾਨੇ ਦੀ ਘਾਟ ਕਾਰਨ ਰੂਪਨਗਰ ਦੀ ਜ਼ਿਲ੍ਹਾ ਪੱਧਰੀ ਮੰਡੀ ਵਿੱਚ ਕਿਸਾਨਾਂ ਨੂੰ ਰੁਲਣਾ ਪੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਲਵਾਰ ਨੂੰ ਸਵੇਰੇ 11 ਤੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਰੂਪਨਗਰ ਦੀ ਮੰਡੀ ਵਿੱਚ ਬਾਰਦਾਨੇ ਦਾ ਢੁੱਕਵਾਂ ਪ੍ਰਬੰਧ ਨਾ ਕੀਤਾ ਅਤੇ ਲਿਫ਼ਟਿੰਗ ਦਾ ਕੰਮ ਤੇਜ਼ ਨਾ ਕੀਤਾ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉੱਧਰ, ਪਨਸਪ ਦੇ ਰੂਪਨਗਰ ਦੇ ਡੀਐੱਮ ਪਰਮਿੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਉਨ੍ਹਾਂ ਦੇ ਅਦਾਰੇ ਨੇ ਆਪਣੇ ਹਿੱਸੇ ਦਾ ਬਾਰਦਾਨਾ ਮੰਡੀ ਵਿੱਚ ਆੜ੍ਹਤੀਆਂ ਨੂੰ ਮੁਹੱਈਆ ਕਰਵਾ ਦਿੱਤਾ ਹੈ ਅਤੇ ਹੁਣ ਸ਼ੈੱਲਰਾਂ ਵਾਲਿਆਂ ਨੇ ਆਪਣੇ ਹਿੱਸੇ ਦਾ ਬਾਰਦਾਨਾ ਦੇਣਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੰਗਲਵਾਰ ਸਵੇਰ ਤੱਕ ਮੰਡੀ ਵਿੱਚ ਬਾਰਦਾਨੇ ਦਾ ਪ੍ਰਬੰਧ ਕਰਵਾ ਦਿੱਤਾ ਜਾਵੇਗਾ।