For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਖ਼ਰੀਦ ਲਈ ਅੜਿੱਕਾ ਬਣੀ ਬਾਰਦਾਨੇ ਦੀ ਘਾਟ

07:43 AM Apr 25, 2024 IST
ਕਣਕ ਦੀ ਖ਼ਰੀਦ ਲਈ ਅੜਿੱਕਾ ਬਣੀ ਬਾਰਦਾਨੇ ਦੀ ਘਾਟ
ਮਾਨਸਾ ਦੇ ਖ਼ਰੀਦ ਕੇਂਦਰ ’ਚ ਬਾਰਦਾਨੇ ਦੀ ਘਾਟ ਕਾਰਨ ਮੰਡੀ ’ਚ ਲੱਗੇ ਕਣਕ ਦੇ ਢੇਰ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 24 ਅਪਰੈਲ
ਪੰਜਾਬ ਦੀਆਂ ਸੱਤ ਪੱਲੇਦਾਰ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੱਲੇਦਾਰਾਂ ਵੱਲੋਂ ਆਰੰਭੀ ਹੜਤਾਲ ਕਾਰਨ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਤੇ ਖ਼ਰੀਦ ਕੇਂਦਰਾਂ ਵਿੱਚ ਬਾਰਦਾਨਾ ਨਾ ਪੁੱਜਣ ਕਰ ਕੇ ਕਣਕ ਦੀ ਖ਼ਰੀਦ ਰੁਕ ਗਈ ਹੈ। ਪੱਲੇਦਾਰਾਂ ਵੱਲੋਂ ਗੁਦਾਮਾਂ ’ਚੋਂ ਬਾਰਦਾਨੇ ਦੀ ਲੋਡਿੰਗ ਅਤੇ ਕਣਕ ਦੀ ਅਣ-ਲੋਡਿੰਗ ਸਣੇ ਸਪੈਸ਼ਲ ਰੇਲ ਗੱਡੀਆਂ ’ਚ ਲੋਡਿੰਗ ਅਤੇ ਅਣ-ਲੋਡਿੰਗ ਦਾ ਕੰਮ ਬੰਦ ਕੀਤਾ ਹੋਇਆ ਹੈ। ਇਸ ਕਰ ਕੇ ਜਿਹੜੇ ਖ਼ਰੀਦ ਕੇਂਦਰਾਂ ਵਿੱਚ ਬਾਰਦਾਨਾ ਮੁੱਕ ਗਿਆ ਹੈ, ਉੱਥੇ ਨਵਾਂ ਨਾ ਪਹੁੰਚਣ ਕਾਰਨ ਖ਼ਰੀਦ ਰੁਕ ਗਈ ਹੈ। ਅਨਾਜ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਣ ਲੱਗੇ ਹਨ।
ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਡਿੱਪੂ ਪ੍ਰਧਾਨ ਜਸਵੀਰ ਸਿੰਘ ਡੇਲੂਆਣਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰਦੀ, ਉਨਾ ਚਿਰ ਬਾਰਦਾਨੇ ਸਣੇ ਹੋਰ ਖ਼ਰੀਦ ਕਾਰਜਾਂ ਨੂੰ ਬੰਦ ਰੱਖਿਆ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੱਲੇਦਾਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਲਈ ਹੜਤਾਲ ਕੀਤੀ ਗਈ ਹੈ, ਪਰ ਮੰਡੀਆਂ ’ਚ ਬਾਰਦਾਨਾ ਨਾ ਆਉਣ ਤੁਲਾਈ ਅਤੇ ਕਿਸਾਨਾਂ ਨੂੰ ਨਵੀਂ ਫਸਲ ਲਿਆਉਣੀ ਔਖੀ ਹੋ ਗਈ ਹੈ।
ਇਸੇ ਦੌਰਾਨ ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ਵਿੱਚ ਪੁੱਜਿਆ ਬਾਰਦਾਨਾ ਖ਼ਤਮ ਹੋ ਗਿਆ ਹੈ ਤੇ ਹੁਣ ਨਵਾਂ ਬਾਰਦਾਨਾ ਨਹੀਂ ਆਇਆ ਹੈ। ਇਸ ਕਰ ਕੇ ਕਈ ਥਾਵਾਂ ’ਤੇ ਕਣਕ ਦੀ ਖ਼ਰੀਦ ਪ੍ਰਭਾਵਿਤ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੇਸ਼ਾਨੀ ਕਿਸਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗੀ।
ਜ਼ਿਲ੍ਹੇ ਵਿੱਚ ਕੰਮ ਕਰਦੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਬਾਰਦਾਨੇ ਦੀ ਘਾਟ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਪਿੱਛੋਂ ਬਾਰਦਾਨਾ ਨਾ ਆਉਣ ਕਾਰਨ ਹੁਣ ਮੰਡੀਆਂ ਵਿਚ ਇਸ ਦੀ ਵੱਡੀ ਘਾਟ ਰੜਕਣ ਲੱਗੀ ਹੈ। ਇਕ ਖ਼ਰੀਦ ਏਜੰਸੀ ਦੇ ਅਧਿਕਾਰੀ ਨੇ ਮੰਨਿਆ ਕਿ ਅਨਾਜ ਮੰਡੀਆਂ ਵਿਚ ਅੱਜ ਤੱਕ ਦਾ ਹੀ ਬਾਰਦਾਨਾ ਸੀ। ਬਾਰਦਾਨੇ ਬਿਨਾਂ ਭਲਕੇ ਤੋਂ ਬੋਲੀ ਨਹੀਂ ਲੱਗੇਗੀ।

Advertisement

ਕਣਕ ਦੀ ਚੁਕਾਈ ਨਾ ਹੋਣ ਕਾਰਨ ਸਮੱਸਿਆ ਗੰਭੀਰ ਬਣੀ

ਭੁੱਚੋ ਮੰਡੀ ਵਿੱਚ ਚੁਕਾਈ ਨਾ ਹੋਣ ਕਾਰਨ ਪਈਆਂ ਬੋਰੀਆਂ।

ਭੁੱਚੋ ਮੰਡੀ (ਪਵਨ ਗੋਇਲ): ਮਾਰਕੀਟ ਕਮੇਟੀ ਭੁੱਚੋ ਮੰਡੀ ਅਧੀਨ ਆਉਂਦੇ ਸਾਰੇ 12 ਖ਼ਰੀਦ ਕੇਂਦਰਾਂ ’ਤੇ ਚੁਕਾਈ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਮੰਡੀਆਂ ਵਿੱਚ ਕਣਕ ਦੇ ਗੱਟਿਆਂ ਦੇ ਅੰਬਾਰ ਲੱਗ ਗਏ ਹਨ ਤੇ ਮੰਡੀਆਂ ਵਿੱਚ ਕਿਸਾਨਾਂ ਨੂੰ ਨਵੀਂ ਫ਼ਸਲ ਲਾਹੁਣ ਲਈ ਥਾਂ ਨਹੀਂ ਮਿਲ ਰਹੀ। ਉੱਪਰੋਂ ਮੌਸਮ ਦੇ ਖ਼ਰਾਬੇ ਦਾ ਡਰ ਕਿਸਾਨਾਂ ਨੂੰ ਸਤਾ ਰਿਹਾ ਹੈ। ਮਾਰਕੀਟ ਕਮੇਟੀ ਦੀ ਰਿਪੋਰਟ ਅਨੁਸਾਰ ਮੰਡੀਆਂ ਵਿੱਚ 23,605 ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਸ ਵਿੱਚੋਂ ਖ਼ਰੀਦ ਏਜੰਸੀਆਂ ਨੇ 19,870 ਟਨ ਕਣਕ ਦੀ ਖ਼ਰੀਦ ਕਰ ਲਈ ਹੈ ਪਰ ਕਣਕ ਦੀ ਚੁਕਾਈ ਸਿਰਫ਼ 2485 ਟਨ ਭਾਵ 12.5 ਫ਼ੀਸਦੀ ਹੀ ਹੋਈ ਹੈ ਜਦੋਂਕਿ 17385 ਟਨ (87.5 ਫ਼ੀਸਦੀ) ਕਣਕ ਮੰਡੀਆਂ ਵਿੱਚ ਚੁਕਾਈ ਖੁਣੋਂ ਪਈ ਹੈ। ਛੇ ਨਿੱਜੀ ਮੰਡੀਆਂ ਵਿੱਚ ਹਾਲੇ ਤੱਕ ਬਾਰਦਾਨਾ ਨਹੀਂ ਪਹੁੰਚਿਆ। ਪਿੰਡ ਗਿੱਲ ਖੁਰਦ ਦੀ ਅਨਾਜ ਮੰਡੀ ਵਿੱਚ ਖ਼ਰੀਦੀ 500 ਟਨ ਕਣਕ ਉਸੇ ਤਰ੍ਹਾਂ ਮੰਡੀ ਵਿੱਚ ਪਈ ਹੈ। ਭੁੱਚੋ ਮੰਡੀ ਦੀ ਨਵੀਂ ਅਨਾਜ ਮੰਡੀ ਵਿੱਚ 5250 ਟਨ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਪਰ ਚੁਕਾਈ ਸਿਰਫ਼ 50 ਟਨ ਦੀ ਹੀ ਹੋਈ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਵਿੱਚ 1900 ਟਨ ਵਿੱਚੋਂ 430 ਟਨ, ਤੁੰਗਵਾਲੀ ਵਿੱਚ 1450 ਟਨ ’ਚੋਂ 245 ਟਨ, ਪਿੰਡ ਚੱਕ ਫ਼ਤਿਹ ਸਿੰਘ ਵਾਲਾ ਵਿੱਚ 3000 ਟਨ ਵਿੱਚੋਂ 700 ਟਨ ਅਤੇ ਭੁੱਚੋ ਮੰਡੀ ਦੀ ਸ਼ਹਿਰੀ ਮੰਡੀ ਵਿੱਚੋਂ 2020 ਟਨ ’ਚੋਂ ਸਿਰਫ਼ 270 ਟਨ ਕਣਕ ਦੀ ਚੁਕਾਈ ਹੋਈ ਹੈ। ਮਾਰਕੀਟ ਕਮੇਟੀ ਦੇ ਸਕੱਤਰ ਬੇਅੰਤ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਨੇ ਹੜਤਾਲ ਕਾਰਨ ਦਿੱਕਤ ਆਈ ਸੀ ਪਰ ਪ੍ਰਸ਼ਾਸਨ ਨੇ ਇਹ ਮਸਲਾ ਹੱਲ ਕਰ ਲਿਆ ਹੈ। ਖ਼ਰੀਦ ਏਜੰਸੀਆਂ ਨੂੰ ਚੁਕਾਈ ਤੇਜ਼ ਕਰਨ ਲਈ ਕਿਹਾ ਗਿਆ ਹੈ। ਇੱਕ-ਦੋ ਦਿਨਾਂ ’ਚ ਚੁਕਾਈ ਹੋ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×