ਬਾਰਾਮਤੀ ਤੋਂ ਨਨਾਣ-ਭਰਜਾਈ ਆਹਮੋ ਸਾਹਮਣੇ
ਪੁਣੇ/ਨਵੀਂ ਦਿੱਲੀ, 18 ਅਪਰੈਲ
ਤਿੰਨ ਵਾਰ ਦੀ ਲੋਕ ਸਭਾ ਮੈਂਬਰ ਸੁਪ੍ਰਿਆ ਸੂਲੇ ਅਤੇ ਉਨ੍ਹਾਂ ਦੀ ਭਰਜਾਈ ਸੁਨੇਤਰਾ ਪਵਾਰ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੀ ਬਾਰਾਮਤੀ ਲੋਕ ਸਭਾ ਸੀਟ ਤੋਂ ਕ੍ਰਮਵਾਰ ਐੱਨਸੀਪੀ ਸ਼ਰਦ ਪਵਾਰ ਅਤੇ ਐੱਨਸੀਪੀ ਦੇ ਉਮੀਦਵਾਰ ਵਜੋਂ ਆਪੋ-ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਸੁਨੇਤਰਾ ਪਵਾਰ ਦੇ ਪਤੀ ਤੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਵੀ ਇਸੇ ਸੀਟ ਤੋਂ ਨਾਜ਼ਮਦਗੀ ਕਾਗਜ਼ ਦਾਖਲ ਕੀਤੇ ਹਨ। ਐੱਨਸੀਪੀ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਸੁਨੇਤਰਾ ਪਵਾਰ ਦੇ ਕਾਗਜ਼ਾਂ ’ਚ ਕੋਈ ਘਾਟ ਰਹਿ ਜਾਣ ਦੀ ਸੂਰਤ ਵਿੱਚ ਅਜੀਤ ਪਵਾਰ ਨੇ ਬਦਲਵੇਂ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਹਨ। ਪਵਾਰ ਪਰਿਵਾਰ ਦੇ ਗੜ੍ਹ ਬਾਰਾਮਤੀ ’ਚ ਸੱਤ ਮਈ ਨੂੰ ਵੋਟਾਂ ਪੈਣਗੀਆਂ। ਸੁਪ੍ਰਿਆ ਸੂਲੇ ਦੇ ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਸ਼ਰਦ ਪਵਾਰ ਨੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਨਾਗਰਿਕਾਂ ਨੂੰ ਧੋਖਾ ਦਿੱਤਾ ਹੈ। ਇਸੇ ਤਰ੍ਹਾਂ ਭਾਜਪਾ ਦੇ ਸੀਨੀਅਰ ਆਗੂ ਬੀਐੱਸ ਯੇਦੀਯੁਰੱਪਾ ਦੇ ਪੁੱਤਰ ਬੀਵਾਈ ਰਾਘਵੇਂਦਰ ਅਤੇ ਸ਼ਿਰਹੱਟੀ ਫਕੀਰੇਸ਼ਵਰ ਮੱਠ ਦੇ ਸਵਾਮੀ ਫਕੀਰਾ ਦਿੰਗਲੇਸ਼ਵਰ ਸਮੇਤ ਕਈ ਉਮੀਦਵਾਰਾਂ ਨੇ ਕਰਨਾਟਕ ’ਚ ਸੱਤ ਮਈ ਨੂੰ ਹੋਣ ਵਾਲੀ ਦੂਜੇ ਗੇੜ ਦੀ ਵੋਟਿੰਗ ਲਈ ਅੱਜ ਆਪਣੇ ਨਾਜ਼ਮਦਗੀ ਪੱਤਰ ਦਾਖਲ ਕਰ ਦਿੱਤੇ ਹਨ। ਯੇਦੀਯੁਰੱਪਾ, ਜਨਤਾ ਦਲ (ਐੱਸ) ਦੇ ਨੇਤਾ ਐੱਚਵੀ ਕੁਮਾਰਸਵਾਮੀ, ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਹਾਜ਼ਰੀ ’ਚ ਰਾਘਵੇਂਦਰ ਦੀ ਹਮਾਇਤ ’ਚ ਰੋਡ ਸ਼ੋਅ ਵੀ ਕੱਢਿਆ ਗਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਟੇਨੀ ਨੇ ਅੱਜ ਚੌਥੇ ਗੇੜ ਦੀਆਂ ਚੋਣਾਂ ਲਈ ਨਾਮਜ਼ਦਗੀ ਦੇ ਪਹਿਲੇ ਦਿਨ ਖੀਰੀ ਲੋਕ ਸਭਾ ਹਲਕੇ ਤੋਂ ਕਾਗਜ਼ ਦਾਖਲ ਕੀਤੇ। ਖੀਰੀ ਸੀਟ ਤੋਂ ਆਜ਼ਾਦ ਉਮੀਦਵਾਰ ਨਰੇਸ਼ ਸਿੰਘ ਭਦੌਰੀਆ ਨੇ ਵੀ ਨਾਜ਼ਮਦਗੀ ਪੱਤਰ ਦਾਖਲ ਕੀਤੇ ਹਨ। ਕਾਂਗਰਸ ਆਗੂ ਰਕੀਬੁਲ ਹੁਸੈਨ ਤੇ ਅਸਾਮ ਗਣ ਪਰਿਸ਼ਦ ਦੇ ਫਾਨੀ ਭੂਸ਼ਨ ਚੌਧਰੀ ਸਮੇਤ 12 ਉਮੀਦਵਾਰਾਂ ਨੇ ਅਸਾਮ ਦੀਆਂ ਲੋਕ ਸਭਾ ਸੀਟਾਂ ਤੋਂ ਆਪਣੇ ਕਾਗਜ਼ ਦਾਖਲ ਕੀਤੇ ਹਨ। -ਪੀਟੀਆਈ
‘ਇੰਦੌਰੀ ਧਰਤੀਪਕੜ’ ਵੱਲੋਂ 20ਵੀਂ ਵਾਰ ਨਾਮਜ਼ਦਗੀ ਕਾਗਜ਼ ਦਾਖ਼ਲ
ਇੰਦੌਰ: ਚੋਣਾਂ ਲੜਨ ਦੇ ਜਨੂੰਨ ਲਈ ਮਸ਼ਹੂਰ ‘ਇੰਦੌਰੀ ਧਰਤੀਪਕੜ’ ਜਿਨ੍ਹਾਂ ਦਾ ਅਸਲ ਨਾਮ ਪਰਮਾਨੰਦ ਤੋਲਾਨੀ ਹੈ, ਨੇ ਅੱਜ ਇੰਦੌਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਹਰ ਵਾਰ ਜ਼ਮਾਨਤ ਜ਼ਬਤ ਹੋਣ ਦੇ ਬਾਵਜੂਦ ਰੀਅਲ ਅਸਟੇਟ ਕਾਰੋਬਾਰੀ ਨੇ ਆਜ਼ਾਦ ਉਮੀਦਵਾਰ ਵਜੋਂ ਪਰਚੇ ਭਰੇ ਹਨ। ਉਸ ਨੇ ਭਰੋਸਾ ਜਤਾਇਆ ਹੈ ਕਿ ਇਕ ਦਿਨ ਉਹ ਚੋਣ ਜ਼ਰੂਰ ਜਿੱਤੇਗਾ। ਤੋਲਾਨੀ ਨੇ ਕਿਹਾ,‘‘ਮੈਂ 20ਵੀਂ ਵਾਰ ਚੋਣ ਲੜਨ ਜਾ ਰਿਹਾ ਹਾਂ। ਪਿਛਲੇ 35 ਸਾਲਾਂ ’ਚ ਵੱਖ ਵੱਖ ਚੋਣਾਂ ਦੌਰਾਨ ਮੇਰੀ 19 ਵਾਰ ਜ਼ਮਾਨਤ ਜ਼ਬਤ ਹੋਈ ਹੈ।’’ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਅੱਠ ਵਾਰ ਲੜ ਚੁੱਕਿਆ ਹੈ ਜਦਕਿ ਮੇਅਰ ਅਹੁਦੇ ਦੀਆਂ ਚੋਣਾਂ ਤਿੰਨ ਵਾਰ ਲੜੀਆਂ ਹਨ। -ਪੀਟੀਆਈ