ਬਾਪੂ ਮੋਗੇ ਮੰਡੀ ਲੈ ਕੇ ਗਿਆ
ਸੰਨੀ ਧਾਲੀਵਾਲ
ਮੈਂ ਪੀਏਯੂ ਵਿੱਚ ਪੜ੍ਹਦਾ ਸੀ
ਐੱਮ.ਐੱਸੀ ਕਰਦਾ ਸੀ
ਛੁੱਟੀਆਂ ਵਿੱਚ ਪਿੰਡ ‘ਰਣਸੀਂਹ’ ਗਿਆ
ਸੂਰਜ ਟੇਢੀ ਅੱਖ ਨਾਲ
ਝਾਤੀਆਂ ਮਾਰਦਾ ਸੀ
ਲੱਗਦਾ ਸੀ
ਅੱਜ ‘ਸੰਨੀ ਡੇਅ’ ਵਾਲੇ ਕੱਪੜੇ ਪਵਾਏਂਗਾ
ਮੈਂ ਅੱਖਾਂ ਮਲਦਾ ਸੀ
ਅੱਖਾਂ ’ਚੋਂ ਗਿੱਡ ਕੱਢਦਾ ਸੀ
ਬੇਬੇ ਨੇ ਬੋਤੇ ਦੀ ਲੱਤ ਜਿੱਡਾ
ਚਾਹ ਦਾ ਭਰਿਆ ਕੰਗਣੀ ਵਾਲਾ
ਪਿੱਤਲ ਦਾ ਗਲਾਸ
ਮੇਰੇ ਮੰਜੇ ਕੋਲ ਲਿਆ ਰੱਖਿਆ
ਕਹਿੰਦੀ!
‘ਉੱਠ ਮੇਰਾ ਪੁੱਤ ਗਰਮ ਗਰਮ ਚਾਹ ਪੀ ਲੈ’
ਮੈਂ ਸੋਚਾਂ
ਇਕੱਲੀ ਚਾਹ ਹੀ ਨਹੀਂ
ਬੇਬੇ ਦੀ
ਮਮਤਾ ਵੀ ਡੁੱਲ੍ਹ ਡੁੱਲ੍ਹ ਪੈਂਦੀ ਹੈ
ਬਾਪੂ ਕਹਿੰਦਾ!
ਚੱਲ ਪੁੱਤ ਤਿਆਰ ਹੋ ਜਾ
ਆਪਾਂ ਮੋਗੇ ਤੋਂ ਬੀਜ ਲੈਣ ਜਾਣਾ
ਪੰਜਾਬ ਰੋਡਵੇਜ਼ ਦੀ
ਢਿਚਕੂ ਢਿਚਕੂ ਕਰਦੀ ਬੱਸ ਨੇ
ਸਾਨੂੰ ਮੋਗੇ ਲਿਆ ਉਤਾਰਿਆ
ਬੱਸ ਦੇ ਪਿਛਲੇ ਪਾਸਿਓਂ ਨਿਕਲੀ
ਕਾਰਬਨ ਮੋਨੋਆਕਸਾਈਡ
ਬੇਬੇ ਦੇ ਪਿਆਰ ਨਾਲ
ਮੱਖਣੀ ਚਟਣੀ ਤੇ ਦਹੀਂ ਨਾਲ ਖੁਆਏ ਪਰੌਂਠਿਆਂ ਨੂੰ
ਬਾਹਰ ਕੱਢਣ ਦੀ ਪੂਰੀ ਜਦੋਂ ਜਹਿਦ ਕਰਦੀ ਰਹੀ
ਸੇਠ ਤੋਂ ਬੀਅ ਮੰਗਿਆ
ਬਾਪੂ ਮੈਨੂੰ ਕਹਿੰਦਾ
ਚੰਗਾ ਚੰਗਾ ਬੀਜ ਚੁਣ ਲੈ
ਮੈਂ ਬੋਰੀ ਵੱਲ ਦੇਖਿਆ
ਮੈਂ ਕਿਹਾ
ਬਾਪੂ, ਬੀਜ ਤਾਂ ਵਧੀਆ ਹੀ ਹੁੰਦੈ
ਮੈਨੂੰ ਤਾਂ ਸਾਰਾ ਹੀ ਵਧੀਆ ਲੱਗਦਾ
ਬਾਪੂ ਕਹਿੰਦਾ!
ਨਹੀਂ ਪੁੱਤ
ਸਾਰਾ ਬੀਜ ਚੰਗਾ ਨਹੀਂ ਹੁੰਦਾ
ਤੂੰ ਚੰਗਾ ਚੰਗਾ ਚੁਣ ਲੈ
ਮੈਂ ਕਿਹਾ
ਫੇਰ ਤਾਂ ਬਹੁਤ ਸਮਾਂ ਲੱਗ ਜਾਊ
ਕੋਈ ਗੱਲ ਨਹੀਂ!
ਬਾਅਦ ਵਿੱਚ ਸਾਰੀ ਉਮਰ ਪਛਤਾਉਣ ਨਾਲੋਂ
ਹੁਣ ਕੁਝ ਵਕਤ ਵੱਧ ਲਾਉਣ ਵਿੱਚ
ਕੋਈ ਹਰਜ ਨਹੀਂ
ਨਹੀਂ ਤਾਂ ਗੰਦੇ ਬੀਜ
ਬਾਅਦ ਵਿੱਚ ਤੇਰਾ ਗਲ਼ਾ ਘੁੱਟਣਗੇ
ਜ਼ਹਿਰ ਦਾ ਸੁਆਦ ਦੇਣਗੇ
ਤੈਨੂੰ ਬਿਮਾਰ ਕਰਨਗੇ
ਹਸਪਤਾਲਾਂ ਦੇ ਧੱਕੇ ਖਵਾਉਣਗੇ
ਪੈਸੇ ਦੀਆਂ ਪੰਡਾਂ ਖੂਹ ਵਿੱਚ ਪਵਾਉਣਗੇ
ਹਾਏ ਹਾਏ ਵੀ ਕਰਵਾਉਣਗੇ
ਨਾਸੀਂ ਧੂੰਆਂ ਵੀ ਲਿਆਉਣਗੇ
ਖੱਜਲ ਖੁਆਰੀ ਵਾਧੂ ਕਰਵਾਉਣਗੇ
ਮੈਂ ਕਿਹਾ
ਮੈਨੂੰ ਕੋਈ ਸਮਝ ਨ੍ਹੀਂ ਲੱਗੀ
ਬੀਜ ਕਿਸ ਤਰ੍ਹਾਂ ਬਿਮਾਰ ਕਰ ਦੇਵੇਗਾ
ਬਾਪੂ ਮੇਰੇ ਵੱਲ ਦੇਖਣ ਲੱਗਿਆ
ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦਾ
‘ਸੁਣ ਫਿਰ
ਆਹ ਜਿਹੜੇ ਆਪਣੇ
-ਘਟੀਆ ਲੀਡਰ
-ਪੁਜਾਰੀ
-ਚਿੱਟੀ ਸਿਉਂਕ
-ਰਿਸ਼ਵਤ ਖਾਣ ਵਾਲੇ
-ਕੁੜੀਆਂ ਨੂੰ ਨੰਗੀਆਂ ਨਚਾਉਣ ਵਾਲੇ ਗਾਇਕ
-ਚਿੱਟਾ ਵੇਚਣ ਵਾਲੇ
-ਜਾਤ-ਪਾਤ ਤੇ ਧਰਮ ਦੇ ਨਾਂ ’ਤੇ ਲੜਾਉਣ ਵਾਲੇ
-‘ਏਕ ਨੂਰ ਤੇ ਸਭੁ ਜਗੁ ਉਪਜਿਆ
ਕਉਨ ਭਲੇ ਕੋ ਮੰਦੇ
ਵਰਗੀਆ ਤੁਕਾਂ ਦੀ ਇੱਜ਼ਤ ਨਾ ਕਰਨ ਵਾਲੇ
ਇਹ ਸਭ ਗੰਦੇ ਬੀਜ ਦੀ ਪੈਦਾਇਸ਼ ਹਨ
ਇਨ੍ਹਾਂ ਬੀਜਾਂ ਨੂੰ ਵੇਚਣ ਖਰੀਦਣ ਤੇ ਬੀਜਣ ਵਾਲਿਆਂ ਨੇ
ਚੰਗੀ ਤਰ੍ਹਾਂ ਘੋਖਿਆ ਪਰਖਿਆ ਨਹੀਂ
ਸੋਚੇ ਸਮਝੇ ਵਗੈਰ ਕਾਹਲੀ ਕਾਹਲੀ ਵਿੱਚ
ਗੰਦੀ ਫਸਲ ਪੈਦਾ ਕਰ ਦਿੱਤੀ
ਇਸ ਫਸਲ ਨੇ
ਆਪਣਾ ਰੰਗ ਹੀ ਦਿਖਾਇਆ
ਹੁਣ ਢਿੱਡ ਪੀੜ ਹੋਣੀ ਹੀ ਹੋਈ
ਬਹੁਤ ਬਿਮਾਰੀਆਂ ਲੱਗੀਆਂ ਨੇ
ਬੰਦਾ ਕੰਨਾਂ ਨੂੰ ਹੱਥ ਲਾ ਕੇ
ਹਾਏ ਹਾਏ ਕਰਦਾ ਫਿਰਦਾ ਹੈ
ਵੱਡੀਆਂ ਵੱਡੀਆਂ ਗਾਲ੍ਹਾਂ ਕੱਢਦਾ ਹੈ
ਆਪਣਾ ਘਰ ਬਾਰ ਛੱਡਦਾ
ਬੁੱਢੇ ਮਾਂ ਪਿਉ ਨੂੰ ਇਕੱਲਿਆਂ ਛੱਡ ਕੇ
ਬਾਹਰਲੇ ਦੇਸ਼ਾਂ ਨੂੰ ਭੱਜਦਾ ਹੈ
ਮੈਂ ਆਪਣੇ ਬਾਪੂ ਵੱਲ
ਦੇਖਦਾ ਹੀ ਰਹਿ ਗਿਆ
ਮੇਰੇ ਦਿਮਾਗ਼ ਦੇ ਦਰਵਾਜ਼ੇ ਖੁੱਲ੍ਹ ਗਏ
ਚੀਂਅ ਚੀਂਅ ਕਰਨ ਲੱਗੇ
ਮੈਂ ਕਿਹਾ !
ਬਾਪੂ ਮੈਨੂੰ ਸਮਝ ਆ ਗਈ
ਮੈਂ ਸੋਚਾਂ
ਮੈਂ ਐੱਮਐੱਸਸੀ (ਹਾਰਟੀਕਲਚਰ) ਵਿੱਚ ਪੜ੍ਹਦਿਆਂ
ਓਨਾ ਨਹੀਂ ਸਿੱਖਿਆ
ਜਿੰਨਾ ਬਾਪੂ ਨੇ ਦੋ ਮਿੰਟਾਂ ਵਿੱਚ ਸਿਖਾ ਦਿੱਤਾ
ਜਿੰਨਾ ਬਾਪੂ ਨੇ ਦੋ ਮਿੰਟਾਂ ਵਿੱਚ ਸਿਖਾ ਦਿੱਤਾ
ਫ਼ਸਲ ਗੁਲਾਬ ਦੀਏ
ਸੁਖਵਿੰਦਰ ਕੌਰ ਸਿੱਧੂ
ਮੂਧੇ ਮੂੰਹ ਡਿੱਗੀ ਨਾ, ਮਾਰੇ ਬੜੇ ਜ਼ਾਲਮਾਂ ਧੱਕੇ
ਸੁਣ ਫ਼ਸਲ ਗੁਲਾਬ ਦੀਏ, ਤੈਨੂੰ ਵੱਢ-ਵੱਢ ਮਨੂੰ ਥੱਕੇ।
ਕਈ ਸਦੀਆਂ ਬੀਤ ਗਈਆਂ, ਕਈ ਬਦਲ ਧਾੜਵੀ ਆਏ।
ਚੜ੍ਹ ਝੂਠ ਸਵਾਰੀ ’ਤੇ ਤੇਰਾ ਅਕਸ਼ ਮਿਟਾਵਣ ਆਏ।
ਸੱਚ ਬੁੱਕਿਆ ਚੜ੍ਹ ਕੋਠੇ ਹਿੱਲੇ ਪੈਰ ਕਦੋਂ ਨੇ ਪੱਕੇ
ਸੁਣ ਫ਼ਸਲ ਗੁਲਾਬ ਦੀਏ...
ਕਿਰਦਾਰੀਂ ਢਾਹ ਲਾਉਣੀ ਵੱਖੋ-ਵੱਖਰੇ ਨਾਮ ਸਦਾਏ।
ਪਰ ਸ਼ੇਰ ਬੇਲਿਆਂ ਦੇ ਦੱਸੀਂ ਕੀਹਨੇ ਪਿੰਜਰੇ ਪਾਏ।
ਇਹ ਉੱਡਣੇ ਬਾਜ਼ ਭਲਾ ਕਦੋਂ ਨੇ ਮੁੱਠੀ ਦੇ ਵਿੱਚ ਡੱਕੇ
ਸੁਣ ਫ਼ਸਲ ਗੁਲਾਬ ਦੀਏ...
ਗੁੜਤੀ ਬਾਜ਼ਾਂ ਵਾਲੇ ਦੀ, ਗੋਦ ਵਿੱਚ ਮਾਂ ਗੁਜਰੀ ਦੇ ਖੇਲੇ।
ਉੱਡੇ ਫੂਕ ਮਾਰਿਆਂ ਤੋਂ ਇਹ ਸਭ ਠੱਗਾਂ ਦੇ ਨੇ ਚੇਲੇ।
ਪਰਵਾਹ ਕਦ ਕਰਦੇ ਨੇ ਜਨਿ੍ਹਾਂ ਸੀਸ ਤਲੀ ’ਤੇ ਰੱਖੇ
ਸੁਣ ਫ਼ਸਲ ਗੁਲਾਬ ਦੀਏ...
ਸਾਨੂੰ ਸਿੱਖਿਆ ਜਿਉਣ ਦੀ, ਦਿੰਦੇ ਗੁਰੂ ਗ੍ਰੰਥ ਪਿਆਰੇ।
ਚੰਨ ਚਾਰ ਲਗਾ ਦਿੰਦੇ ਬਖ਼ਸ਼ੇ ਗੁਰੂ ਨੇ ਪੰਜ ਕਕਾਰੇ।
‘ਸਿੱਧੂ’ ਰਹਿਣੇ ਕਾਇਮ ਸਦਾ ਸੋਹਣੀ ਸੂਰਤ ਪੰਜੇ ਕੱਕੇ
ਸੁਣ ਫ਼ਸਲ ਗੁਲਾਬ ਦੀਏ, ਤੈਨੂੰ ਵੱਢ-ਵੱਢ ਮਨੂੰ ਥੱਕੇ।
ਸੰਪਰਕ: 778-522-1977