ਬਾਪੂ ਧਾਮ ਕਲੋਨੀ ਵਾਸੀ ਡੀਸੀ ਨੂੰ ਮਿਲੇ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਜੂਨ
ਚੰਡੀਗੜ੍ਹ ਦੇ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਾਸੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਚੰਡੀਗੜ੍ਹ ਵਿਨੈ ਪ੍ਰਤਾਪ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਮਿਲਖ ਵਿਭਾਗ ਵਿੱਚ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਚੰਡੀਗੜ੍ਹ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਵੀ ਠਾਕੁਰ ਦੀ ਅਗਵਾਈ ਹੇਠ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਲਿਖਤੀ ਮੰਗ ਪੱਤਰ ਵਿੱਚ ਵਫ਼ਦ ਨੇ ਦੋਸ਼ ਲਾਇਆ ਕਿ ਮਿਲਖ ਵਿਭਾਗ ਦੇ ਅਧਿਕਾਰੀ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਉਨ੍ਹਾਂ ਦੇ ਘਰਾਂ ਦੇ ਬਕਾਇਆ ਕਿਰਾਇਆ ਅਤੇ ਹੋਰ ਬਕਾਏ ਬਾਰੇ ਜਾਣਕਾਰੀ ਨਹੀਂ ਦਿੰਦੇ। ਇਸ ਕਾਰਨ ਉਹ ਆਪਣੇ ਬਿਲਾਂ ਦਾ ਭੁਗਤਾਨ ਕਰਨ ਵਿੱਚ ਅਸਮਰੱਥ ਹਨ। ਵਫ਼ਦ ਨੇ ਕਿਹਾ ਕਿ ਜੇ ਸਬੰਧਤ ਅਧਿਕਾਰੀ ਨੂੰ ਪਤਾ ਲਗਦਾ ਹੈ ਕਿ ਮਕਾਨ ਦਾ ਕਬਜ਼ਾਧਾਰਕ ਅਸਲ ਅਲਾਟੀ ਨਹੀਂ ਹੈ ਅਤੇ ਉਸ ਦੇ ਨਾਂ ‘ਤੇ ਅਲਾਟਮੈਂਟ ਪੱਤਰ ਨਹੀਂ ਹੈ, ਤਾਂ ਅਜਿਹੇ ਕਲੋਨੀ ਵਾਸੀਆਂ ਨੂੰ ਕਿਰਾਇਆ ਜਮ੍ਹਾ ਕਰਵਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਭਾਵੇਂ ਉਹ ਕਈ ਸਾਲਾਂ ਤੋਂ ਰਿਹਾਇਸ਼ੀ ਇਕਾਈਆਂ ਅਤੇ ਪਰਿਵਾਰ ਸਣੇ ਉੱਥੇ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਵਸਨੀਕ, ਭਾਵੇਂ ਅਸਲ ਅਲਾਟੀ ਹੋਣ ਜਾਂ ਨਾ ਹੋਣ, ਆਪਣਾ ਬਣਦਾ ਕਿਰਾਇਆ ਦੇਣ ਲਈ ਤਿਆਰ ਹਨ ਅਤੇ ਜਿਵੇਂ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਜਿਹੀ ਕਿਸੇ ਵੀ ਬਕਾਇਆ ਰਕਮ ਬਾਰੇ ਸੂਚਿਤ ਕੀਤਾ ਜਾਵੇਗਾ, ਉਹ ਕਿਰਾਇਆ ਇੱਕਮੁਸ਼ਤ ਜਾਂ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣ ਲਈ ਤਿਆਰ ਹਨ।
ਕਾਂਗਰਸ ਆਗੂ ਰਵੀ ਠਾਕੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਵਫ਼ਦ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਮਿਲਖ ਵਿਭਾਗ ਵਿੱਚ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਹੋਣ ‘ਤੇ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ‘ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਛੇਤੀ ਹੀ ਕੋਈ ਢੁਕਵਾਂ ਹੱਲ ਕੱਢਿਆ ਜਾਵੇਗਾ।