ਬਨੂੜ ਕਬੱਡੀ ਕੱਪ: ਮੌਲੀ ਨੇ ਚਮਕੌਰ ਸਾਹਿਬ ਦੀ ਟੀਮ ਹਰਾ ਕੇ ਮਾਰੀ ਬਾਜ਼ੀ
ਕਰਮਜੀਤ ਸਿੰਘ ਚਿੱਲਾ
ਬਨੂੜ, 16 ਮਾਰਚ
ਸ਼ਹੀਦ ਊਧਮ ਸਿੰਘ ਫ਼ਾਊਂਡੇਸ਼ਨ ਅਤੇ ਬਾਬਾ ਬੰਦਾ ਸਿੰਘ ਬਹਾਦਰ ਕਲੱਬ ਵੱਲੋਂ ਕਰਵਾਇਆ ਜਾ ਰਿਹਾ 16ਵਾਂ ਕਬੱਡੀ ਕੱਪ ਅੱਜ ਇੱਥੋਂ ਦੇ ਸਟੇਡੀਅਮ ਵਿੱਚ ਆਰੰਭ ਹੋ ਗਿਆ। ਮਰਹੂਮ ਕਬੱਡੀ ਕੋਚ ਪਰਮਜੀਤ ਪੰਮੀ ਅਤੇ ਧਰਮ ਸਿੰਘ ਆੜ੍ਹਤੀ ਦੀ ਯਾਦ ਨੂੰ ਸਮਰਪਿਤ ਇਸ ਟੂਰਨਾਮੈਂਟ ਦਾ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਗੁਰਦੇਵ ਸਿੰਘ ਬਨੂੜ ਨੇ ਅਰਦਾਸ ਕਰ ਕੇ ਕੀਤਾ। ਕਲੱਬ ਦੇ ਪ੍ਰਧਾਨ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਇੰਸਪੈਕਟਰ ਮਹਿੰਦਰ ਸਿੰਘ, ਬਿਕਰਮਜੀਤ ਸਿੰਘ ਗੀਗੇਮਾਜਰਾ, ਲਛਮਣ ਸਿੰਘ ਚੰਗੇਰਾ, ਅਮਨਦੀਪ ਸਿੰਘ ਕਾਲਾ, ਹਰਬੰਸ ਲਾਲ, ਜਸਪਾਲ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋ ਰਹੇ ਇਸ ਖੇਡ ਮੇਲੇ ਦਾ ਅੱਜ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਆਨੰਣ ਮਾਣਿਆ। ਅੱਜ ਮਿੰਨੀ ਓਪਨ ਦੇ ਅੱਠ ਕਬੱਡੀ ਟੀਮਾਂ ਦੇ ਮੈਚਾਂ ਦੇ ਫਾਈਨਲ ਵਿੱਚ ਮਾਮੂਪੁਰ ਨੇ ਬਨੂੜ ਨੂੰ 14-10 ਨਾਲ ਹਰਾ ਕੇ 41 ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ।
ਪੁਆਧ ਫੈਡਰੇਸ਼ਨ ਦੀਆਂ ਅੱਠ ਟੀਮਾਂ ਦਰਮਿਆਨ ਹੋਏ ਫ਼ਸਵੇਂ ਮੁਕਾਬਲਿਆਂ ਵਿੱਚ ਮੌਲੀ ਨੇ ਚਮਕੌਰ ਸਾਹਿਬ ਨੂੰ ਡੇਢ ਅੰਕਾਂ ਨਾਲ ਹਰਾ ਕੇ 41 ਹਜ਼ਾਰ ਦਾ ਪਹਿਲਾ ਇਨਾਮ ਜਿੱਤਿਆ। ਲੜਕੀਆਂ ਦੇ ਕਬੱਡੀ ਮੁਕਾਬਲਿਆਂ ਵਿੱਚ ਉਲਾਣਾ ਨੇ ਚਮਾਰੂ ਨੂੰ ਢਾਈ ਅੰਕਾਂ ਦੇ ਫਰਕ ਨਾਲ ਹਰਾ ਕੇ ਆਪਣੀ ਜਿੱਤ ਦਰਜ ਕੀਤੀ।
ਸਾਧੂ ਸਿੰਘ ਖਲੌਰ ਨੇ ਦੱਸਿਆ ਕਿ 17 ਮਾਰਚ ਨੂੰ ਮੇਜਰ ਲੀਗ ਦੀਆਂ ਅੱਠ ਟੀਮਾਂ ਦੇ ਮੁਕਾਬਲੇ ਹੋਣਗੇ।