For the best experience, open
https://m.punjabitribuneonline.com
on your mobile browser.
Advertisement

ਬਨੂੜ ਕੌਂਸਲ ਜ਼ਮੀਨ ਮਾਮਲਾ: ਅਦਾਲਤ ਵੱਲੋਂ ਨਗਰ ਕੌਂਸਲ ਵਿਰੁੱਧ ਦਿੱਤੀ ਸਟੇਅ ਖਾਰਜ

06:46 AM Aug 08, 2024 IST
ਬਨੂੜ ਕੌਂਸਲ ਜ਼ਮੀਨ ਮਾਮਲਾ  ਅਦਾਲਤ ਵੱਲੋਂ ਨਗਰ ਕੌਂਸਲ ਵਿਰੁੱਧ ਦਿੱਤੀ ਸਟੇਅ ਖਾਰਜ
Advertisement

ਪੱਤਰ ਪ੍ਰੇਰਕ
ਬਨੂੜ, 7 ਅਗਸਤ
ਨਗਰ ਕੌਂਸਲ ਬਨੂੜ ਦੀ ਮਲਕੀਅਤ ਵਾਲੀ ਬਹੁਕੀਮਤੀ 150 ਵਿੱਘੇ 2 ਬਿਸਵੇ ਜ਼ਮੀਨ ਦੀ ਗਿਰਦਾਵਰੀ ਨੂੰ ਆਧਾਰ ਬਣਾ ਕੇ ਇੱਕ ਵਿਅਕਤੀ ਵੱਲੋਂ ਮਲਕੀਅਤ ਦਾ ਕੀਤੇ ਜਾ ਰਹੇ ਦਾਅਵੇ ਸਬੰਧੀ ਮੁਹਾਲੀ ਅਦਾਲਤ ਵੱਲੋਂ ਕੌਂਸਲ ਉੱਤੇ ਜ਼ਮੀਨ ਦੀ ਬੋਲੀ ਕਰ ਕੇ ਖੇਤੀਬਾੜੀ ਲਈ ਠੇਕੇ ਉੱਤੇ ਦੇਣ ਸਬੰਧੀ ਲਾਈ ਰੋਕ ਅੱਜ ਹਟਾ ਦਿੱਤੀ ਗਈ ਹੈ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਹੁਣ ਜ਼ਮੀਨ ਨੂੰ ਜਲਦੀ ਹੀ ਠੇਕੇ ਉੱਤੇ ਦੇਣ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਮੁਹਾਲੀ ਦੀ ਡਿਪਟੀ ਕਮਿਸ਼ਨਰ ਵੱਲੋਂ ਵੀ ਸਬੰਧਤ ਜ਼ਮੀਨ ਉੱਤੇ ਆਪਣੀ ਮਲਕੀਅਤ ਦਾ ਦਾਅਵਾ ਕਰਨ ਵਾਲੇ ਜਗਤਾਰ ਚੰਦ (ਪੰਚਕੂਲਾ) ਦੀ ਅਰਜ਼ੀ ਖਾਰਜ਼ ਕਰ ਦਿੱਤੀ ਗਈ ਸੀ। ਡੀਸੀ ਨੇ ਸਬੰਧਤ ਜ਼ਮੀਨ ਦੀ ਗਿਰਦਾਵਰੀ ਪ੍ਰਾਈਵੇਟ ਵਿਅਕਤੀ ਦੇ ਨਾਮ ਚੜ੍ਹਾਉਣ ਵਾਲੇ ਪਟਵਾਰੀ ਅਤੇ ਕਾਨੂੰਨਗੋ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।
ਕੌਂਸਲ ਪ੍ਰਧਾਨ ਕੰਬੋਜ ਨੇ ਦੱਸਿਆ ਕਿ ਕੌਂਸਲ ਨੇ ਇਹ ਜ਼ਮੀਨ ਅਦਾਲਤੀ ਕੇਸ ਜਿੱਤਣ ਮਗਰੋਂ 2017 ਵਿਚ ਕਬਜ਼ੇ ਵਿੱਚ ਲਈ ਗਈ ਸੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਨੇ ਜ਼ਮੀਨ ਦੀ ਕਾਸ਼ਤਕਾਰੀ ਗਿਰਦਾਵਰੀ ਪ੍ਰਾਈਵੇਟ ਵਿਅਕਤੀ ਦੇ ਨਾਮ ਚੜ੍ਹਾ ਦਿੱਤੀ ਸੀ ਜਦੋਂਕਿ ਸਬੰਧਤ ਵਿਅਕਤੀ ਦਾ ਕਦੇ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ’ਤੇ ਕੌਂਸਲ ਨੂੰ ਜ਼ਮੀਨ ਠੇਕੇ ਤੇ ਦੇਣ ਸਬੰਧੀ ਰੋਕ ਲਗਾ ਦਿੱਤੀ ਗਈ ਸੀ ਪਰ ਅੱਜ ਅਦਾਲਤ ਨੇ ਸਟੇਅ ਹਟਾ ਦਿੱਤੀ ਹੈ।
ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮੁਹਾਲੀ ਤੋਂ ਬਾਅਦ ਹੁਣ ਅਦਾਲਤ ਦੇ ਫ਼ੈਸਲੇ ਨਾਲ ਸੱਚ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਨੂੜ ਵਾਸੀਆਂ ਦੀ ਜਿੱਤ ਹੈ।

Advertisement
Advertisement
Author Image

Advertisement