ਕੈਨੇਡਾ ’ਚ ਧਾਰਮਿਕ ਚਿੰਨ੍ਹਾਂ ’ਤੇ ਪਾਬੰਦੀ ਲਾਉਣੀ ਮੰਦਭਾਗੀ: ਨਿਹੰਗ ਮੁਖੀ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 30 ਸਤੰਬਰ
ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਰਕਾਰ ਵੱਲੋਂ ਸਿੱਖਾਂ ’ਤੇ ਧਾਰਮਿਕ ਚਿੰਨ੍ਹ ਸਜਾਉਣ ਅਤੇ ਪੱਗ ਬੰਨ੍ਹਣ ’ਤੇ ਪਾਬੰਦੀ ਲਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ ਹੈ, ਜਿਸ ਕਾਰਨ ਹੁਣ ਕੰਮ ਸਮੇਂ ਸਿੱਖਾਂ ਵੱਲੋਂ ਕਿਰਪਾਨ ਧਾਰਨ ਕਰਨ, ਦਸਤਾਰ ਸਜਾਉਣ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ੍ਹ ਸਜਾਉਣ ’ਤੇ ਮਨਾਹੀ ਹੋਵੇਗੀ। ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੈਨੇਡਾ ਦੇ ਕਿਊਬਿਕ ਸੂਬੇ ਵੱਲੋਂ ਲਾਗੂ ਕੀਤੇ ‘ਬਿੱਲ-21’ ਦੀ ਸਖ਼ਤ ਨਿਖੇਧੀ ਕਰਦਿਆਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਵਿਵਾਦਿਤ ਕਾਨੂੰਨ ਤੁਰੰਤ ਵਾਪਿਸ ਕੀਤਾ ਜਾਵੇ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਬਿੱਲ 21 ਖ਼ਿਲਾਫ਼ ਇਸ ਨੂੰ ਕੌਮਾਂਤਰੀ ਅਦਾਲਤ ਵਿੱਚ ਚੁਣੋਤੀ ਦੇਵੇ। ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਸਬੰਧੀ ਹੋਰ ਸਮੂਹ ਜਥੇਬੰਦੀਆਂ ਨੂੰ ਵੀ ਇਸ ਬਿੱਲ ਖਿਲਾਫ਼ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਾਰੇ ਸਰਕਾਰੀ ਕਰਮਚਾਰੀਆਂ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਨੂੰ ਕਿਊਬਿਕ ਦੀ ਨੈਸ਼ਨਲ ਅਸੈਂਥਲੀ ਤੇ ਸੂਬਾਈ ਵਿਧਾਨ ਸਭਾ ਦੇ ਮੈਂਬਰਾਂ ਵਾਂਗ ਧਾਰਮਿਕ ਪ੍ਰਗਟਾਵੇ ਦਾ ਅਧਿਕਾਰ ਦਿੱਤਾ ਜਾਵੇ।