ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਤ ਖਣਨ ਦੀ ਨੇਮਬੰਦੀ

08:00 AM Nov 22, 2023 IST

ਪਾਣੀ ਤੋਂ ਬਾਅਦ ਕੁਦਰਤੀ ਵਸੀਲੇ ਵਜੋਂ ਰੇਤ ਦੀ ਵਰਤੋਂ ਸਭ ਤੋਂ ਵੱਧ ਹੁੰਦੀ ਹੈ। ਉਸਾਰੀਆਂ ਲਈ ਵਧਦੀ ਮੰਗ ਕਾਰਨ ਇਸ ਦਾ ਅੰਨ੍ਹੇਵਾਹ ਖਣਨ ਕੀਤਾ ਜਾ ਰਿਹਾ ਹੈ। ਨਦੀਆਂ/ਦਰਿਆਵਾਂ ਦੇ ਤਲ ਤੋਂ ਰੇਤਾ ਕੱਢੇ ਜਾਣ ਨਾਲ ਵਾਤਾਵਰਨ ਉਤੇ ਮਾੜਾ ਅਸਰ ਪੈਂਦਾ ਹੈ। ਇਹ ਅਸਰ ਕਿੰਨਾ ਗੰਭੀਰ ਹੈ, ਇਹ ਖਣਨ ਦੀ ਰਫ਼ਤਾਰ, ਕਿਸਮ ਅਤੇ ਸੰਚਾਲਨ ਦੇ ਢੰਗ-ਤਰੀਕਿਆਂ ਉਤੇ ਨਿਰਭਰ ਕਰਦਾ ਹੈ। ਇਸ ਸਬੰਧੀ ਢੁਕਵੀਂ ਨੇਮਬੰਦੀ ਨਾ ਹੋਣ ਦੇ ਅਸਰ ਤਬਾਹਕੁਨ ਹੋ ਸਕਦੇ ਹਨ। ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈਆਈਟੀ) ਰੋਪੜ ਦੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਬਿਆਸ ਦਰਿਆ ਦੇ ਨਾਲ ਨਾਲ ਵਿਗਿਆਨਕ ਖਣਨ ਕਰ ਕੇ ਇਸ ਸਾਲ ਮੌਨਸੂਨ ਦੌਰਾਨ ਹੜ੍ਹਾਂ ਵੱਲੋਂ ਕੀਤੇ ਗਏ ਨੁਕਸਾਨ ਨੂੰ ਘਟਾਇਆ ਜਾ ਸਕਦਾ ਸੀ। ਉਸ ਸੂਰਤ ਵਿਚ ਦਰਿਆ ਦੀ ਪਾਣੀ ਭੰਡਾਰਨ ਸਮਰੱਥਾ ਵਧ ਜਾਣੀ ਸੀ ਅਤੇ ਹੜ੍ਹ ਦੌਰਾਨ ਦਰਿਆ ਦੁਆਰਾ ਕੀਤੀ ਗਈ ਤਬਾਹੀ ਵੀ ਘੱਟ ਹੋਣੀ ਸੀ।
ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਦਰਿਆਵਾਂ ਤੇ ਨਦੀਆਂ ਦੇ ਤਲਾਂ ਨੂੰ ਖ਼ਾਸ ਮਾਤਰਾ ਵਿਚ ਰੇਤ ਤੇ ਬਜਰੀ ਦੀ ਲੋੜ ਹੁੰਦੀ ਹੈ; ਇਹ ਮੌਜੂਦਗੀ ਤਲ ’ਤੇ ਰਹਿੰਦੇ ਬਹੁਤ ਛੋਟੇ ਛੋਟੇ ਜੀਵਾਂ ਤੇ ਪੌਦਿਆ ਨੂੰ ਜਿਊਂਦੇ ਰੱਖਣ ਲਈ ਵੀ ਜ਼ਰੂਰੀ ਹੁੰਦੀ ਹੈ ਅਤੇ ਦਰਿਆ ਦੇ ਵਹਿਣ ਨੂੰ ਬਰਕਰਾਰ ਰੱਖਣ ਲਈ ਵੀ। ਜੇ ਰੇਤ ਤੇ ਬਜਰੀ ਦਰਿਆਵਾਂ ਤੇ ਨਦੀਆਂ ’ਤੇ ਵਿਉਂਤਬੰਦੀ ਨਾਲ ਕੱਢੀ ਜਾਵੇ ਤਾਂ ਇਹ ਲਾਭਦਾਇਕ ਪ੍ਰਕਿਰਿਆ ਬਣ ਜਾਂਦੀ ਹੈ ਜਦੋਂਕਿ ਅੰਨ੍ਹੇਵਾਹ ਗ਼ੈਰ-ਵਿਗਿਆਨਕ ਖਣਨ ਦਰਿਆ/ਨਦੀ ’ਤੇ ਮਾਰੂ ਅਸਰ ਪਾਉਂਦਾ ਹੈ। ਤੇਜ਼ੀ ਨਾਲ ਕੀਤੇ ਜਾ ਰਹੇ ਖਣਨ ਨਾਲ ਦਰਿਆ ਵਿਚ ਖਾਈਆਂ ਬਣ ਜਾਂਦੀਆਂ ਹਨ ਜੋ ਇਸ ਦੇ ਕੁਦਰਤੀ ਵਹਾਅ ਨੂੰ ਰੋਕਦੀਆਂ ਹਨ। ਦਰਿਆਵਾਂ ਵਿਚੋਂ ਰੇਤ ਦੇ ਟਿਕਾਊ ਖਣਨ ਸਬੰਧੀ ਨੀਤੀਆਂ ਬਣਾਉਣ ਲਈ ਖਣਨ ਕਾਰਨ ਪੈਣ ਵਾਲੇ ਅਸਰਾਂ ਬਾਰੇ ਵੱਧ ਤੇ ਵਧੀਆ ਡੇਟਾ ਦੀ ਲੋੜ ਹੈ। ਪੰਜਾਬ ਸਰਕਾਰ ਨੇ ਆਈਆਈਟੀ ਨੂੰ ਮੌਨਸੂਨ ਤੋਂ ਬਾਅਦ ਦਰਿਆਵਾਂ ਦੇ ਅੰਦਰ ਅਤੇ ਉਨ੍ਹਾਂ ਦੇ ਕੰਢਿਆਂ ਉਤੇ ਤਲਛਟ ਦੇ ਜਮ੍ਹਾਂ ਹੋਣ ਵਿਚ ਆਈਆਂ ਤਬਦੀਲੀਆਂ ਦਾ ਮੁਲੰਕਣ ਕਰਨ ਲਈ ਆਖਿਆ ਸੀ। ਅਧਿਐਨ ਵਿਚ ਖਣਨ ਸਬੰਧੀ ਨੇਮਬੰਦੀ ਢਾਂਚਾ ਕਾਇਮ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਹੈ ਜਿਸ ਵਿਚ ਡਰੋਨਾਂ ਦੀ ਵਰਤੋਂ ਨਾਲ ਨਦੀ ਤਲ ਦਾ ਵਿਆਪਕ ਨਕਸ਼ਾ ਤਿਆਰ ਕਰਨਾ ਵੀ ਸ਼ਾਮਲ ਹੈ। ਇਸ ਨਾਲ ਕਿਸੇ ਥਾਂ ਬਣੇ ਅਣਕਿਆਸੇ ਖੱਡਿਆਂ ਦਾ ਪਤਾ ਲਾਇਆ ਜਾ ਸਕੇਗਾ। ਇਸ ਦੇ ਨਾਲ ਹੀ ਰੇਤ ਮਾਫ਼ੀਆ ਨੂੰ ਨੱਥ ਪਾਉਣ ਉਤੇ ਜ਼ੋਰ ਦੇਣ ਅਤੇ ਜ਼ਮੀਨ ਦੀ ਖ਼ਰੀਦ-ਵੇਚ ਦੀ ਡਿਜੀਟਾਈਜ਼ੇਸ਼ਨ ਕੀਤੇ ਜਾਣ ਦੀ ਵੀ ਤਜਵੀਜ਼ ਦਿੱਤੀ ਗਈ ਹੈ ਤਾਂ ਕਿ ਦਰਿਆਵਾਂ ਦੇ ਆਲੇ-ਦੁਆਲੇ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਕੀਤੇ ਜਾਣ ਦਾ ਪਤਾ ਲਾਇਆ ਜਾ ਸਕੇ। ਇਹ ਤਜਵੀਜ਼ ਦੇਣ ਦਾ ਕਾਰਨ ਇਹ ਪ੍ਰਭਾਵ ਹੈ ਕਿ ਦਰਿਆਵਾਂ ਦੇ ਆਲੇ-ਦੁਆਲੇ ਦੀ ਜ਼ਮੀਨ ਆਮ ਕਰ ਕੇ ਅਜਿਹੇ ਵਿਅਕਤੀ ਖਰੀਦਦੇ ਹਨ ਜਿਹੜੇ ਰੇਤ ਬਜਰੀ ਖਣਨ ਦਾ ਕਾਰੋਬਾਰ ਕਰਦੇ ਜਾਂ ਅਜਿਹੇ ਕਾਰੋਬਾਰੀਆਂ ਦੇ ਸਹਿਯੋਗੀ ਹੁੰਦੇ ਹਨ।
ਉਸਾਰੀਆਂ ਲਈ ਚਾਹੀਦੀ ਰੇਤ ਤੇ ਬਜਰੀ ਦੇ ਖਣਨ ਬਾਰੇ ਖੋਜ ਬੁਨਿਆਦੀ ਲੋੜ ਹੈ। ਵਾਤਾਵਰਨ ਦੀ ਸੰਭਾਲ, ਬੁਨਿਆਦੀ ਢਾਂਚੇ ਦੀ ਰਾਖੀ ਅਤੇ ਰੇਤ ਤੇ ਹੋਰ ਸਮੱਗਰੀ ਨੂੰ ਕੱਢਣ/ਖਣਨ ਉਤੇ ਨਿਗਰਾਨੀ ਦੇ ਮੰਤਵ ਨਾਲ ਇਸ ਮੋਹਰੀ ਵਿੱਦਿਅਕ ਅਦਾਰੇ ਨਾਲ ਕੀਤੀ ਗਈ ਸਾਂਝ-ਭਿਆਲੀ ਸਵਾਗਤਯੋਗ ਹੈ। ਰੇਤ ਤੇ ਅਜਿਹੇ ਹੋਰ ਖਣਿਜਾਂ ਦੇ ਖਣਨ ਦੀਆਂ ਵੱਧ ਸੰਭਾਵਨਾਵਾਂ ਬਾਰੇ ਦਿੱਤੇ ਜਾ ਰਹੇ ਸੁਝਾਵਾਂ ਨੂੰ ਧੀਰਜ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ; ਇਸ ਬਾਰੇ ਹੋਰ ਅਧਿਐਨ ਦੀ ਜ਼ਰੂਰਤ ਹੈ। ਪਹਿਲੀ ਤਰਜੀਹ ਮੌਜੂਦਾ ਅਧਿਕਾਰਤ ਖਣਨ ਸਥਲਾਂ ਦੇ ਬਿਹਤਰ ਸੰਚਾਲਨ ਤੇ ਪ੍ਰਬੰਧ ਨੂੰ ਦਿੱਤੀ ਜਾਣੀ ਚਾਹੀਦੀ ਹੈ। ਨੀਤੀ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖੋ-ਵੱਖ ਖਣਨ ਸਥਲਾਂ ਵਿਚ ਦਰਿਆ ਦੀ ਚੌੜਾਈ ਅਤੇ ਇਸ ਦੀ ਮੁੜ ਪੂਰਤੀ ਦਰ (ਦਰਿਆ ਦੁਆਰਾ ਪਹਾੜਾਂ ਤੋਂ ਰੇਤ ਤੇ ਬਜਰੀ ਲਿਆਉਣ ਦੀ ਰਫ਼ਤਾਰ) ਨੂੰ ਧਿਆਨ ਵਿਚ ਰੱਖਦਿਆਂ ਢੁਕਵਾਂ ਫ਼ਾਸਲਾ ਰੱਖੇ ਜਾਣ ਉਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

Advertisement

Advertisement