ਬੈਂਕ ਦੇ ਸੁਰੱਖਿਆ ਗਾਰਡ ਨੂੰ ਗੋਲੀ ਮਾਰ ਕੇ 1500 ਰੁਪਏ ਲੁੱਟੇ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 24 ਜੁਲਾਈ
ਤਿੰਨ ਹਥਿਆਰਬੰਦ ਲੁਟੇਰੇ ਬੀਤੀ ਰਾਤ ਬੈਂਕ ਦੀ ਡਿਊਟੀ ਕਰਨ ਜਾ ਰਹੇ ਇਕ ਗਾਰਡ ਨੂੰ ਗੋਲੀ ਮਾਰ ਕੇ ਉਸਨੂੰ ਜਖਮੀ ਕਰਨ ਤੋਂ ਬਾਅਦ 1500 ਰੁਪਏ ਖੋਹ ਕੇ ਫਰਾਰ ਹੋ ਗਏ। ਸ਼ਾਹਕੋਟ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਲੁੱਟ ਦਾ ਸਿਕਾਰ ਹੋਏ ਨੌਜਵਾਨ ਹਰਦੀਪ ਚੰਦ (20) ਪੁੱਤਰ ਨਛੱਤਰ ਸਿੰਘ ਨੇ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਹ ਇੰਡਸਇੰਡ ਬੈਂਕ ਸਰਕਪੁਰ (ਨਕੋਦਰ) ਵਿੱਚ ਬਤੌਰ ਗਾਰਡ ਡਿਊਟੀ ਕਰਦਾ ਹੈ। ਬੀਤੀ ਰਾਤ ਉਹ ਆਪਣੇ ਮੋਟਰਸਾਈਕਲ ਨੰਬਰ ਪੀ ਬੀ 67 ਡੀ-4032 ’ਤੇ ਰਾਤ ਦੀ ਡਿਊਟੀ ਕਰਨ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਯਾਦਗਾਰ ਨੇੜੇ ਪਿੱਛੋਂ ਆਏ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਰੋਕ ਲਿਆ। ਲੁਟੇਰਿਆਂ ਨੇ ਉਸ ਦੇ ਪੈਰਾਂ ਵਿੱਚ ਗੋਲੀ ਮਾਰ ਕੇ ਸਭ ਕੁਝ ਦੇਣ ਲਈ ਕਿਹਾ। ਉਹ ਭੱਜਣ ਲੱਗਿਆ ਤਾਂ ਲੁਟੇਰਿਆਂ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਕੇ ਡਿੱਗ ਗਿਆ। ਉਪਰੰਤ ਲੁਟੇਰੇ ਉਸ ਦੇ ਪਰਸ ਵਿਚੋ 1500 ਰੁਪਏ ਤੇ ਮੋਟਰਸਾਈਕਲ ਦੀ ਚਾਬੀ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਲੋਕਾ ਨੇ 108 ਐਬੂਲੈਂਸ ਰਾਹੀਂ ਉਸ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ ਨਕੋਦਰ ਪਹੁੰਚਾਇਆ ਜਿੱਥੋਂ ਊਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਸ਼ਾਹਕੋਟ ਪੁਲੀਸ ਨੇ ਗਾਰਡ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਧਾਰਾ 307,379 ਬੀ,34 ਅਤੇ 341 ਆਈਪੀਸੀ ਆਰਮਜ਼ ਐਕਟ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਲੁਟੇਰੇ 90 ਹਜ਼ਾਰ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ, ਨੌਜਵਾਨ ਜ਼ਖ਼ਮੀ
ਫ਼ਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਇੱਥੇ ਗੈਸ ਏਜੰਸੀ ਰੋਡ ’ਤੇ ਹਰਪ੍ਰੀਤ ਹਸਪਤਾਲ ਨੇੜੇ ਅੱਜ ਸਵੇਰੇ 3.30 ਵਜੇ ਰੰਧਾਵਾ ਪਾਰਕਿੰਗ ਤੋਂ ਗੱਡੀ ਬਾਹਰ ਕੱਢਣ ਲੱਗਿਆਂ ਇਕ ਨੌਜਵਾਨ ਦੀਪਕ ਉੱਤੇ ਤਿੰਨ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਊਸ ਤੋਂ ਕਰੀਬ 90 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਲੁੱਟ ਕੇ ਫ਼ਰਾਰ ਹੋ ਗਏ। ਦੀਪਕ ਦੀ ਬਾਂਹ ’ਤੇ ਤੇਜ਼ਧਾਰ ਹਥਿਆਰ ਦਾਤਰ ਵੱਜਣ ਕਰ ਕੇ ਊਹ ਗੰਭੀਰ ਜ਼ਖ਼ਮੀ ਹੋ ਗਿਆ। ਦੀਪਕ ਨੇ ਦੱਸਿਆ ਕਿ ਉਹ ਜਦੋਂ ਰੰਧਾਵਾ ਪਾਰਕਿੰਗ ’ਚੋਂ ਗੱਡੀ ਬਾਹਰ ਕੱਢਣ ਲੱਗਿਆ ਤਾਂ ਮੋਟਰਸਾਈਕਲ ’ਤੇ ਤਿੰਨ ਨੌਜਵਾਨ ਪਾਰਕਿੰਗ ਅੰਦਰ ਆ ਗਏ। ਊਨ੍ਹਾਂ ਵਿਚੋਂ ਇੱਕ ਨੇ ਪਾਰਕਿੰਗ ਦਾ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਅਤੇ ਊਸ ਦੀ ਗੱਡੀ ਦਾ ਸ਼ੀਸ਼ਾ ਭੰਨ ਕੇ ਊਸ ਨੂੰ ਬਾਹਰ ਖਿੱਚ ਲਿਆ। ਲੁਟੇਰਿਆਂ ਨੇ ਊਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਦੋਂ ਊਸ ਨੇ ਬਾਂਹ ਅੱਗੇ ਕਰ ਕੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਬਾਂਹ ’ਤੇ ਦਾਤਰ ਵੱਜਣ ਕਰ ਕੇ ਊਹ ਗੰਭੀਰ ਜ਼ਖ਼ਮੀ ਹੋ ਗਿਆ। ਪਾਰਕਿੰਗ ਵਿੱਚ ਘਟਨਾ ਵਾਲੀ ਸਥਾਨ ’ਤੇ ਕਈ ਜਗ੍ਹਾ ਖੂਨ ਖਿੱਲਰਿਆ ਹੋਇਆ ਸੀ। ਦੀਪਕ ਨੇ ਦੱਸਿਆ ਕਿ ਲੁਟੇਰੇ ਕਰੀਬ 90 ਹਜ਼ਾਰ ਰੁਪਏ, ਮੋਬਾਈਲ ਫੋਨ ਤੇ ਹੋਰ ਜ਼ਰੂਰੀ ਸਾਮਾਨ ਲੁੱਟ ਕੇ ਲੈ ਗਏ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਜਾਣ ਲੱਗਿਆਂ ਪਿਸਤੌਲ ਦਿਖਾ ਕੇ ਊਸ ਨੂੰ ਧਮਕੀ ਦਿੱਤੀ ਕਿ ਜੇਕਰ ਪੁਲੀਸ ਨੂੰ ਦੱਸਿਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਸਥਾਨਕ ਪੁਲੀਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲੀਸ ਘਟਨਾ ਵਾਲੇ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਮਾਮਲੇ ਦੀ ਪੜਤਾਲ ਕਰ ਰਹੀ ਹੈ।