ਪੈਨਸ਼ਨ ਦੀ ਰਕਮ ਹੜੱਪਣ ਦੇ ਦੋਸ਼ ਹੇਠ ਬੈਂਕ ਮੈਨੇਜਰ ਮੁਅੱਤਲ
ਪੱਤਰ ਪ੍ਰੇਰਕ
ਕਾਲਾਂਵਾਲੀ, 27 ਨਵੰਬਰ
ਸਿਰਸਾ ਸੈਂਟਰਲ ਕੋਆਪਰੇਟਿਵ ਬੈਂਕ ਬ੍ਰਾਂਚ ਔਢਾਂ ਦੇ ਮੈਨੇਜਰ ਰਾਕੇਸ਼ ਸ਼ਰਮਾ ਨੂੰ ਜਨਰਲ ਮੈਨੇਜਰ ਸਿਰਸਾ ਨੇ ਮੁਅੱਤਲ ਕਰ ਦਿੱਤਾ ਹੈ। ਬੈਂਕ ਮੈਨੇਜਰ ਰਾਕੇਸ਼ ਕੁਮਾਰ ’ਤੇ ਮ੍ਰਿਤਕ ਵਿਅਕਤੀ ਅਤੇ ਵਿਧਵਾ ਔਰਤ ਦੀ ਪੈਨਸ਼ਨ ਹੜੱਪਣ ਦਾ ਦੋਸ਼ ਹੈ। ਜਨਤਾ ਅਧਿਕਾਰ ਮੋਰਚਾ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਬੱਬੂ, ਜਨਰਲ ਸਕੱਤਰ ਕਰਨੈਲ ਸਿੰਘ ਔਢਾਂ ਨੇ ਦੱਸਿਆ ਕਿ ਬੈਂਕ ਮੈਨੇਜਰ ਨੇ ਪਿੰਡ ਕਿੰਗਰੇ ਦੀ ਵਿਧਵਾ ਦਰੋਪਦੀ ਦੇਵੀ ਦੀ ਪੈਨਸ਼ਨ ਦੇਣ ਅਤੇ ਪਿੰਡ ਔਢਾਂ ਦੇ ਮ੍ਰਿਤਕ ਸੁਖਦੇਵ ਸਿੰਘ ਦੀ ਪੈਨਸ਼ਨ ਦੇਣ ’ਚ ਹੇਰਾਫੇਰੀ ਕੀਤੀ ਹੈ। ਇਸ ਸਬੰਧੀ ਮੋਰਚਾ ਦੇ ਕਾਰਕੁਨਾਂ ਨੇ ਦਿ ਸਿਰਸਾ ਸੈਂਟਰਲ ਕੋ ਆਪਰੇਟਿਵ ਬੈਂਕ ਦੇ ਸਹਾਇਕ ਮੈਨੇਜਰ ਅਭੈ ਜਿੰਦਲ ਨੂੰ ਸ਼ਿਕਾਇਤ ਦੇ ਕੇ ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜੇ ਦੋ ਦਿਨਾਂ ਦੇ ਅੰਦਰ ਬੈਂਕ ਮੈਨੇਜਰ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਔਢਾਂ ਬੈਂਕ ਅੱਗੇ ਧਰਨਾ ਦਿੱਤਾ ਜਾਵੇਗਾ ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਜਨਰਲ ਮੈਨੇਜਰ ਸਿਰਸਾ ਨੇ ਰਾਕੇਸ਼ ਸ਼ਰਮਾ ਬੈਂਕ ਮੈਨੇਜਰ ਨੂੰ ਮੁਅੱਤਲ ਕਰ ਕੇ ਜਾਂਚ ਦੇ ਹੁਕਮ ਦਿੱਤੇ ਹਨ।