ਬੈਂਕ ਮੈਨੇਜਰ ਕਤਲ ਕੇਸ: ਪੀੜਤ ਪਰਿਵਾਰ ਪੁਲੀਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਅਕਤੂਬਰ
ਮੈੈਨੇਜਰ ਸਿਮਰਨਦੀਪ ਬਰਾੜ ਦੀ 19 ਅਕਤੂਬਰ ਨੂੰ ਸਰਹੰਦ ਫੀਡਰ ਨਹਿਰ ਵਿੱਚੋਂ ਕਾਰ ਸਣੇ ਲਾਸ਼ ਮਿਲਣ ਤੋਂ ਬਾਅਦ ਕਤਲ ਦੇ ਜੁਰਮਾਂ ਅਧੀਨ ਪੰਜ ਡਾਕਟਰਾਂ ਸਣੇ ਅੱਠ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਹੋਣ ਮਗਰੋਂ ਪੁਲੀਸ ਵੱਲੋਂ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕਰਨ, ਵਿਸ਼ੇਸ਼ ਜਾਂਚ ਟੀਮ ਵਿੱਚ ਸ਼ਾਮਲ ਇੱਕ ਡੀਐੱਸਪੀ ਦੀ ਥਾਂ ਹੋਰ ਅਧਿਕਾਰੀ ਸ਼ਾਮਲ ਨਾ ਕਰਨ ਅਤੇ ਮੁੱਦਈ ਵੱਲੋਂ ਦਿੱਤੇ ਹੋਰ ਮੁਲਜ਼ਮਾਂ ਨੂੰ ਐੱਫਆਈਆਰ ਵਿੱਚ ਸ਼ਾਮਲ ਨਾ ਕਰਨ ’ਤੇ ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਨੂੰ ਐੱਸਐੱਸਪੀ ਦਫ਼ਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਬੈਂਕ ਮੈਨੇਜਰ 16 ਅਕਤੂਬਰ ਤੋਂ ਲਾਪਤਾ ਸੀ।
ਇੱਥੇ ਇਕ ਨਿੱਜੀ ਹੋਟਲ ’ਚ ਗੱਲਬਾਤ ਕਰਦਿਆਂ ਸਿਮਰਨਦੀਪ ਬਰਾੜ ਦੇ ਪਿਤਾ ਦਰਸ਼ਨ ਸਿੰਘ ਬਰਾੜ, ਭਰਾ ਸੀਨੀਅਰ ਐਕਸੀਅਨ ਪਾਵਰਕੌਮ ਸਨੇਹਦੀਪ ਸਿੰਘ, ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਜ਼ਿਲ੍ਹਾ ਈਵੈਂਟ ਇੰਚਾਰਜ ਵਰਿੰਦਰ ਢੋਸੀਵਾਲ, ਡਾ. ਪਰਮਜੀਤ ਸਿੰਘ ਢੀਂਗਰਾ, ਰੁਪਿੰਦਰ ਸਿੰਘ ਡੋਹਕ ਜ਼ਿਲ੍ਹਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਸ਼ਿਵਰਾਜ ਸਿੰਘ ਭੰਗਚੜੀ ਜ਼ਿਲ੍ਹਾ ਪ੍ਰਧਾਨ ਬੀਕੇਯੂ, ਅਮਨਦੀਪ ਸਿੰਘ ਹਰੀਕੇ ਜ਼ਿਲ੍ਹਾ ਖ਼ਜਾਨਚੀ ਬੀਕੇਯੂ ਡਕੌਂਦਾ, ਗੋਬਿੰਦ ਸਿੰਘ ਕੋਟਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਹਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਮਾਲਵਾ, ਹਰਪ੍ਰੀਤ ਸਿੰਘ ਝਬੇਲਵਾਲੀ ਕਿਰਤੀ ਕਿਸਾਨ ਯੂਨੀਅਨ, ਨਿਰਮਲ ਸਿੰਘ ਸੰਗੂਧੋਣ, ਬਲਦੇਵ ਸਿੰਘ ਹਰੀਕੇ, ਚੌਧਰੀ ਪਾਲ ਸਿੰਘ, ਜਸਕਰਨ ਸਿੰਘ ਬੂੜਾ ਗੁੱਜਰ ਸਣੇ ਹੋਰ ਆਗੂਆਂ ਨੇ ਕਿਹਾ ਕਿ ਵਾਰ-ਵਾਰ ਸਮਾਂ ਲੈਣ ਦੇ ਬਾਵਜੂਦ ਐੱਸਐੱਸਪੀ ਅਜੇ ਤੱਕ ਪੀੜਤ ਪਰਿਵਾਰ ਨੂੰ ਨਹੀਂ ਮਿਲਿਆ ਜਿਸ ਕਰਕੇ ਉਨ੍ਹਾਂ ਦੀ ਇਨਸਾਫ ਦੀ ਉਮੀਦ ਘਟਦੀ ਜਾਂਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਉਨ੍ਹਾਂ ਦੀਆਂ ਹੋਰ ਮੰਗਾਂ ਨਾ ਮੰਨੀਆਂ ਤਾਂ ਉਹ ਸ਼ਹਿਰ ਵਾਸੀਆਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ 2 ਨਵੰਬਰ ਨੂੰ ਐੱਸਐੱਸਪੀ ਦਫਤਰ ਮੂਹਰੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰਨਗੇ।
ਪੁਲੀਸ ਤਫਤੀਸ਼ ਕਰ ਰਹੀ ਹੈ: ਐੱਸਐੱਸਪੀ
ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਪੁਲੀਸ ਤਫਤੀਸ਼ ਕਰ ਰਹੀ ਹੈ। ਐੱਫਆਈਆਰ ਦਰਜ ਹੋਣ ਦਾ ਮਤਲਬ ਕਿਸੇ ਦਾ ਦੋਸ਼ੀ ਹੋਣਾ ਨਹੀਂ ਹੁੰਦਾ। ਇਸ ਵਾਸਤੇ ਤਫਤੀਸ਼ ਹੋਣੀ ਹੁੰਦੀ ਹੈ, ਤਫਤੀਸ਼ ਵਾਸਤੇ ਐੱਸਆਈਟੀ ਬਣੀ ਹੈ। ਐੱਸਆਈਟੀ ਮੈਂਬਰ ਸਤਨਾਮ ਸਿੰਘ ਡੀਐੱਸਪੀ ਦੀ ਥਾਂ ਹੋਰ ਅਧਿਕਾਰੀ ਸ਼ਾਮਲ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਐੱਸਆਈਟੀ ਦੇ ਚੇਅਰਮੈਨ ’ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ, ਜੇ ਹੈ ਤਾਂ ਐੱਸਆਈਟੀ ਸਹੀ ਕਾਰਵਾਈ ਕਰੇਗੀ।