‘ਗੁੱਡਆਚਾਰੀ’ ਦੀ ਅਗਲੀ ਕੜੀ ’ਚ ਅਦੀਵੀ ਸੇਸ਼ ਨਾਲ ਨਜ਼ਰ ਆਵੇਗੀ ਬਨੀਤਾ ਸੰਧੂ
ਨਵੀਂ ਦਿੱਲੀ: ਅਦਾਕਾਰਾ ਤੇ ਮਾਡਲ ਬਨੀਤਾ ਸੰਧੂ ਜਲਦੀ ਹੀ ਤੇਲਗੂ ਫਿਲਮ ‘ਗੁੱਡਆਚਾਰੀ’ (2018) ਦੀ ਅਗਲੀ ਕੜੀ ‘ਜੀ 2’ ’ਚ ਅਦਾਕਾਰ ਅਦੀਵੀ ਸੇਸ਼ ਨਾਲ ਦਿਖਾਈ ਦੇਵੇਗੀ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਸਾਂਝੀ ਕੀਤੀ। ਇਸ ਤੋਂ ਪਹਿਲਾਂ ਬਨੀਤਾ ‘ਅਕਤੂਬਰ’ ਅਤੇ ‘ਸਰਦਾਰ ਊਧਮ’ ਵਰਗੀਆਂ ਫਿਲਮਾਂ ’ਚ ਕੰਮ ਕਰ ਚੁੱਕੀ ਹੈ। ਉਸ ਦੀ ਇਸ ਫਿਲਮ ਦਾ ਕਹਾਣੀ ਐਕਸ਼ਨ ਥ੍ਰਿਲਰ ’ਤੇ ਅਧਾਰਿਤ ਹੈ, ਜਿਸ ਦਾ ਨਿਰਦੇਸ਼ਨ ਵਿਜੈ ਕੁਮਾਰ ਸਿਰੀਗਿਨੀਦੀ ਵੱਲੋਂ ਕੀਤਾ ਜਾਵੇਗਾ। ਬਨੀਤਾ ਸੰਧੂ ਪੈਨ-ਇੰਡੀਆ ਫਿਲਮ ਦੇ ਆਪਣੇ ਪਹਿਲੇ ਪ੍ਰਾਜੈਕਟ ਵਿੱਚ ਕੰਮ ਕਰਨ ਲਈ ਕਾਫ਼ੀ ਉਤਸ਼ਾਹਿਤ ਹੈ। ਇਸ ਫਿਲਮ ਬਾਰੇ ਗੱਲ ਕਰਦਿਆਂ ਅਦਾਕਾਰਾ ਨੇ ਕਿਹਾ, ‘ਇਹ ਇੱਕ ਅਜਿਹਾ ਕਿਰਦਾਰ ਹੈ, ਜੋ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਆਪਣੇ ਇਸ ਨਵੇਂ ਅਵਤਾਰ ਪ੍ਰਤੀ ਦਰਸ਼ਕਾਂ ਦੀ ਰਾਇ ਜਾਨਣ ਲਈ ਮੈਂ ਬੇਤਾਬ ਹਾਂ। ਇਸ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਮੇਰੇ ਲਈ ਬਹੁਤ ਹੀ ਅਹਿਮ ਰਹੇਗਾ।’ ਇਸ ਬਾਰੇ ਗੱਲ ਕਰਦਿਆਂ ਅਦੀਵੀ ਸੇਸ਼ ਨੇ ਕਿਹਾ, ‘ਮੈਂ ‘ਜੀ 2’ ਪ੍ਰਾਜੈਕਟ ਵਿੱਚ ਬਨੀਤਾ ਦਾ ਦਿਲੋਂ ਸਵਾਗਤ ਕਰਦਾ ਹਾਂ। ਮੈਂ ਉਨ੍ਹਾਂ ਨਾਲ ਇਕੱਠਿਆਂ ਕੰਮ ਕਰਨ ਲਈ ਬਹੁਤ ਹੀ ਉਤਸਾਹਿਤ ਹਾਂ।’ ਫਿਲਮ ‘ਜੀ 2’ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ। -ਪੀਟੀਆਈ