ਗੈਰ-ਕਾਨੂੰਨੀ ਤੌਰ ’ਤੇ ਭਾਰਤ ਵਿਚ ਦਾਖ਼ਲ ਹੋ ਰਹੇ ਬੰਗਲਾਦੇਸ਼ੀ ਨੂੰ ਵਾਪਸ ਭੇਜਿਆ: ਮੁੱਖ ਮੰਤਰੀ
ਗੁਹਾਟੀ, 11 ਸਤੰਬਰ
ਅਸਾਮ ਪੁਲੀਸ ਨੇ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖ਼ਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਬਾਅਦ ਵਿਚ ਸੁਰੱਖਿਆ ਕਰਮਚਾਰੀਆਂ ਵੱਲੋਂ ਵਿਅਕਤੀ ਨੂੰ ਉਸਦੇ ਜੱਦੀ ਦੇਸ਼ ਵਾਪਸ ਭੇਜ ਦਿੱਤਾ ਗਿਆ। ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਬੁੱਧਵਾਰ ਨੂੰ ‘ਐਕਸ‘ ਪੋਸਟ ਵਿੱਚ ਲਿਖਿਆ ਕਿ ਆਸਾਮ ਪੁਲੀਸ ਵੱਲੋਂ ਘੁਸਪੈਠ ਕਰਦੇ ਇੱਕ ਬੰਗਲਾਦੇਸ਼ੀ ਨਾਗਰਿਕ ਟੋਯੂ ਸ਼ੇਖ ਨੂੰ ਰਾਤ 1:45 ਵਜੇ ਰੋਕਿਆ ਗਿਆ ਅਤੇ ਬੰਗਲਾਦੇਸ਼ ਵਾਪਸ ਭੇਜ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਫੌਜਾਂ ਸਰਹੱਦ ’ਤੇ ਹਾਈ ਅਲਰਟ ’ਤੇ ਹਨ ਅਤੇ ਅਸੀਂ ਭਾਰਤੀ ਖੇਤਰ ’ਚ ਘੁਸਪੈਠ ਦੀ ਹਰ ਕੋਸ਼ਿਸ਼ ਨੂੰ ਰੋਕਾਂਗੇ।
ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਬੰਗਲਾਦੇਸ਼ ਤੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਆਈ ਹੈ ਅਤੇ ਸੁਰੱਖਿਆ ਬਲ ਘੁਸਪੈਠੀਆਂ ਦੀਆਂ ਹਰਕਤਾਂ ਨੂੰ ਨਾਕਾਮ ਕਰਨ ਲਈ ਵਾਧੂ ਚੌਕਸ ਹਨ।
In another alert move by @assampolice, one Bangladeshi national, Toyu Shaikh was intercepted and pushed back to Bangladesh at 01:45 AM.
Our forces are on high alert at the border and we will prevent any attempt of infiltration into Indian territory.
Good job Team! pic.twitter.com/T00Sb6x2Wl
— Himanta Biswa Sarma (@himantabiswa) September 11, 2024
ਉਨ੍ਹਾਂ ਵੱਲੋਂ ਸਾਂਝੇ ਕੀਤੇ ਆਂਕੜਿਆਂ ਵਿਚ ਇਸ ਸਾਲ ਜਨਵਰੀ ਤੋਂ ਹੁਣ ਤੱਕ ਕੁੱਲ 54 ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਵਿਚ ਕਰੀਮਗੰਜ ਜ਼ਿਲ੍ਹੇ ਵਿੱਚ 48, ਬੋਂਗਾਈਗਾਓਂ ਜ਼ਿਲ੍ਹੇ ਵਿੱਚ 4, ਅਤੇ ਦੀਮਾ ਹਸਾਓ ਅਤੇ ਧੂਬਰੀ ਜ਼ਿਲ੍ਹੇ ਵਿੱਚ ਇੱਕ-ਇੱਕ ਵਿਅਕਤੀ ਹਨ।
ਇਨ੍ਹਾਂ ਵਿੱਚੋਂ, 45 ਵਿਅਕਤੀਆਂ ਨੂੰ ਸਫਲਤਾਪੂਰਵਕ ਉਨ੍ਹਾਂ ਦੇ ਮੂਲ ਦੇਸ਼ ਵਿੱਚ ਵਾਪਸ ਭੇਜਿਆ ਗਿਆ ਸੀ, ਜਦੋਂ ਕਿ 9 ਨੂੰ ਕਰੀਮਗੰਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ। -ਆਈਏਐਨਐਸ