ਬੀਐੱਸਐੱਫ ਵੱਲੋਂ ਬੰਗਲਾਦੇਸ਼ੀਆਂ ਦੀ ਘੁਸਪੈਠ ਨਾਕਾਮ
* ਸਾਬਕਾ ਡਿਪਲੋਮੈਟ ਤੌਹੀਦ ਹੁਸੈਨ ਨੂੰ ਵਿਦੇਸ਼ ਮੰਤਰੀ ਬਣਾਇਆ
* ਗ੍ਰਹਿ ਮੰਤਰਾਲੇ ਦੀ ਕਮਾਨ ਸੇਵਾ ਮੁਕਤ ਬ੍ਰਿਗੇਡੀਅਰ ਹੱਥ ਫੜਾਈ
ਕੋਲਕਾਤਾ/ਢਾਕਾ, 9 ਅਗਸਤ
ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦੀ ਸੀਤਲਕੂੁਚੀ ਸਰਹੱਦ ’ਤੇ ਹਜ਼ਾਰਾਂ ਬੰਗਲਾਦੇਸ਼ੀਆਂ ਦੇ ਇਕੱਠੇ ਹੋਣ ਨਾਲ ਤਣਾਅ ਵਾਲਾ ਮਾਹੌਲ ਬਣ ਗਿਆ। ਬੰਗਲਦੇਸ਼ੀ ਨਾਗਰਿਕ ਭਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਉਂਜ ਬੀਐੈੱਸਐੱਫ ਨੇੇੇੇ ਉਨ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ। ਬਾਰਡਰ ਗਾਰਡਜ਼ ਬੰਗਲਾਦੇਸ਼ ਦੇ ਜਵਾਨਾਂ ਨੇ ਬਾਅਦ ’ਚ ਆਪਣੇ ਨਾਗਰਿਕਾਂ ਨੂੰ ਉਥੋਂ ਹਟਾ ਦਿੱਤਾ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚ ਜ਼ਿਆਦਾਤਰ ਬੰਗਲਾਦੇਸ਼ੀ ਹਿੰਦੂ ਸਨ ਜੋ ਮੁਲਕ ’ਚ ਹਿੰਸਾ ਦੇ ਡਰੋਂ ਭਾਰਤ ਆਉਣਾ ਚਾਹੁੰਦੇ ਸਨ। ਨਿਰਾਸ਼ ਬੰਗਲਾਦੇਸ਼ੀਆਂ ਨੇ ਇਸ ਦੌਰਾਨ ਨਾਅਰੇਬਾਜ਼ੀ ਵੀ ਕੀਤੀ।
ਉਧਰ ਬੰਗਲਾਦੇਸ਼ ਦੇ ਅੰਤਰਿਮ ਆਗੂ ਮੁਹੰਮਦ ਯੂਨਸ ਨੇ ਨਵੀਂ ਬਣੀ ਅੰਤਰਿਮ ਸਰਕਾਰ ਲਈ ਮੰਤਰਾਲਿਆਂ ਦਾ ਐਲਾਨ ਕਰ ਦਿੱਤਾ ਹੈ। ਯੂਨਸ ਨੇ ਰੱਖਿਆ ਸਣੇ ਕੁੱਲ 27 ਮੰਤਰਾਲੇ ਆਪਣੇ ਕੋਲ ਰੱਖੇ ਹਨ। ਸਾਬਕਾ ਡਿਪਲੋਮੈਟ ਮੁਹੰਮਦ ਤੌਹੀਦ ਹੁਸੈਨ ਨੂੰ ਵਿਦੇਸ਼ ਮੰਤਰਾਲੇ ਦੀ ਕਮਾਨ ਸੌਂਪੀ ਗਈ ਹੈ। ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਯੂਨਸ ਨੇ ਵੀਰਵਾਰ ਨੂੰ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲਿਆ ਸੀ। ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁੱਖ ਸਲਾਹਕਾਰ ਥਾਪਿਆ ਗਿਆ ਹੈ ਤੇ ਇਹ ਅਹੁਦਾ ਪ੍ਰਧਾਨ ਮੰਤਰੀ ਦੇ ਬਰਾਬਰ ਹੈ। ਯੂਨਸ ਦੇ ਹਲਫ਼ਦਾਰੀ ਸਮਾਗਮ ਵਿਚ ਭਾਰਤ ਦੇ ਹਾਈ ਕਮਿਸ਼ਨਰ ਪ੍ਰਨਏ ਵਰਮਾ ਵੀ ਸ਼ਾਮਲ ਸਨ।
ਅਧਿਕਾਰਤ ਬਿਆਨ ਮੁਤਾਬਕ ਯੂਨਸ ਨੇ ਰੱਖਿਆ, ਲੋਕ ਪ੍ਰਸ਼ਾਸਨ, ਸਿੱਖਿਆ, ਊਰਜਾ, ਖੁਰਾਕ, ਜਲ ਸਰੋਤ ਤੇ ਸੂਚਨਾ ਮੰਤਰਾਲੇ ਸਣੇ 27 ਪੋਰਟਫੋਲੀਓ ਆਪਣੇ ਅਧੀਨ ਰੱਖੇ ਹਨ। ਸਾਬਕਾ ਵਿਦੇਸ਼ ਸਕੱਤਰ ਹੁਸੈਨ ਨੂੰ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਦੋਂਕਿ ਥਲ ਸੈਨਾ ਦੇ ਸੇਵਾ ਮੁਕਤ ਬ੍ਰਿਗੇਡੀਅਰ ਜਨਰਲ ਐੱਮ. ਸਖਾਵਤ ਹੁਸੈਨ ਗ੍ਰਹਿ ਮੰਤਰਾਲੇ ਦਾ ਕਾਰਜਭਾਰ ਦੇਖਣਗੇ। ਹੁਸੈਨ 2001 ਤੋਂ 2005 ਦੌਰਾਨ ਕੋਲਕਾਤਾ ਵਿਚ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਸਨ ਤੇ
ਉਹ 2006 ਤੋਂ 2009 ਦੌਰਾਨ ਵਿਦੇਸ਼ ਸਕੱਤਰ ਵੀ ਰਹੇ। ਬੰਗਲਾਦੇਸ਼ ਬੈਂਕ ਦੇ ਸਾਬਕਾ ਗਵਰਨਰ ਸਲਾਹੂਦੀਨ ਅਹਿਮਦ ਵਿੱਤ ਤੇ ਯੋਜਨਾ ਮੰਤਰਾਲਿਆਂ ਦੇ ਇੰਚਾਰਜ ਹੋਣਗੇ ਤੇ ਸਥਾਨਕ ਸਰਕਾਰ ਮੰਤਰਾਲਾ ਸਾਬਕਾ ਅਟਾਰਨੀ ਜਨਰਲ ਏਐੱਫ ਹਾਸਨ ਆਰਿਫ ਦੇ ਮਾਤਹਿਤ ਰਹੇਗਾ। ਸਟੂਡੈਂਟਸ ਅਗੇਂਸਟ ਡਿਸਕ੍ਰਿਮੀਨੇਸ਼ਨ ਦੇ ਦੋ ਕੋਆਰਡੀਨੇਟਰਾਂ ਐੱਮ. ਨਾਹਿਦ ਇਸਲਾਮ ਤੇ ਆਸਿਫ਼ ਮਹਿਮੂਦ ਨੂੰ ਵੀ ਅੰਤਰਿਮ ਕੈਬਨਿਟ ਵਿਚ ਥਾਂ ਮਿਲੀ ਹੈ। ਦੋਵਾਂ ਨੂੰ ਕ੍ਰਮਵਾਰ ਟੈਲੀਕਮਿਊਨੀਕੇਸ਼ਨਜ਼ ਤੇ ਸੂਚਨਾ ਤਕਨਾਲੋਜੀ ਅਤੇ ਯੂਥ ਤੇ ਖੇਡ ਮੰਤਰਾਲਿਆਂ ਦਾ ਚਾਰਜ ਸੌਂਪਿਆ ਗਿਆ ਹੈ।
ਵੀਰਵਾਰ ਰਾਤ ਨੂੰ ਹੋਏ ਹਲਫ਼ਦਾਰੀ ਸਮਾਗਮ ਦੌਰਾਨ ਅੰਤਰਿਮ ਸਰਕਾਰ ਦੇ ਤਿੰਨ ਮੈਂਬਰ ਰਾਜਧਾਨੀ ਢਾਕਾ ’ਚੋਂ ਬਾਹਰ ਹੋਣ ਕਰਕੇ ਸਹੁੰ ਨਹੀਂ ਚੁੱਕ ਸਕੇ ਸਨ। ਉਧਰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਪਿਛਲੇ ਕਈ ਦਿਨਾਂ ਤੋਂ ਉਜਾੜ ਪਏ ਪੁਲੀਸ ਸਟੇਸ਼ਨ ਫੌਜ ਦੀ ਮਦਦ ਨਾਲ ਮੁੜ ਖੁੱਲ੍ਹ ਗਏ ਹਨ। ਰੋਸ ਮੁਜ਼ਾਹਰਿਆਂ ਦੌਰਾਨ ਕਈ ਪੁਲੀਸ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ‘ਢਾਕਾ ਟ੍ਰਿਬਿਊਨ’ ਨੇ ਕਿਹਾ ਕਿ ਚਾਰ ਦਿਨਾਂ ਮਗਰੋਂ 29 ਦੇ ਕਰੀਬ ਪੁਲੀਸ ਥਾਣਿਆਂ ਵਿਚ ਫੌਜ ਦੀ ਮਦਦ ਨਾਲ ਸਰਗਰਮੀਆਂ ਮੁੜ ਸ਼ੁਰੂ ਹੋ ਗਈਆਂ ਹਨ।
ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਨੇ ਬੰਗਲਾਦੇਸ਼ ਵਿਚ ਘੱਟਗਿਣਤੀ ਹਿੰਦੂ ਭਾਈਚਾਰੇ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਕਿਹਾ ਕਿ ਉਹ ਨਸਲੀ ਹਮਲਿਆਂ ਜਾਂ ਹਿੰਸਾ ਨੂੰ ਹਵਾ ਦਿੱਤੇ ਜਾਣ ਦੇ ਖਿਲਾਫ਼ ਹੈ। -ਪੀਟੀਆਈ
ਭਾਰਤ-ਬੰਗਲਾਦੇਸ਼ ਸਰਹੱਦ ’ਤੇ ਹਾਲਾਤ ਦੀ ਸਮੀਖਿਆ ਲਈ ਕਮੇਟੀ ਕਾਇਮ
ਨਵੀਂ ਦਿੱਲੀ:
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਉੱਚ ਪੱਧਰੀ ਕਮੇਟੀ ਬਣਾਈ ਹੈ, ਜੋ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਹਾਲਾਤ ਦੀ ਨਿਗਰਾਨੀ ਕਰੇਗੀ। ਸ਼ਾਹ ਨੇ ਕਿਹਾ ਕਿ ਇਹ ਕਮੇਟੀ ਬੰਗਲਾਦੇੇਸ਼ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ, ਹਿੰਦੂਆਂ ਤੇ ਹੋਰ ਘੱਟਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਬੰਗਲਾਦੇਸ਼ੀ ਹਮਰੁਤਬਾਵਾਂ ਦੇ ਸੰਪਰਕ ਵਿਚ ਰਹੇਗੀ। ਇਸ ਦੌਰਾਨ ਭਾਜਪਾ ਸੰਸਦ ਮੈਂਬਰਾਂ ਨੇ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹੋਰ ਘੱਟਗਿਣਤੀ ਭਾਈਚਾਰਿਆਂ ਦੇ ਹਾਲਾਤ ਬਾਰੇ ਵਿਰੋੋਧੀ ਧਿਰ ਵੱਲੋਂ ਧਾਰੀ ਚੁੱਪੀ ਨੂੰ ਮੰਦਭਾਗੀ ਦੱਸਿਆ ਹੈ। ਲੋਕ ਸਭਾ ਵਿਚ ਸਿਫਰ ਕਾਲ ਦੌਰਾਨ ਭਾਜਪਾ ਐੱਮਪੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੰਗਲਾਦੇਸ਼ ਵਿਚ ਘੱਟਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਬਾਰੇ ਅਜੇ ਤੱਕ ਕੁਝ ਨਹੀਂ ਬੋਲਿਆ। ਇਸ ਦੌਰਾਨ ਆਰਐੱਸਐੱਸ ਨੇ ਬੰਗਲਾਦੇਸ਼ ਵਿਚ ਹਿੰਦੂਆਂ ਤੇ ਹੋਰਨਾਂ ਘੱਟਗਿਣਤੀਆਂ ਖਿਲਾਫ਼ ਹਿੰਸਾ ਦੀਆਂ ਘਟਨਾਵਾਂ ’ਤੇ ਫ਼ਿਕਰ ਜਤਾਉਂਦਿਆਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇ। ਸੰਘ ਦੇ ਜਨਰਲ ਸਕੱਤਰ ਦੱਤਾਤ੍ਰੇਅ ਹੋਸਾਬਲੇ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਘੱਟਗਿਣਤੀਆਂ ਦੀ ਜਾਨ-ਮਾਲ ਦੀ ਸੁਰੱਖਿਆ ਪੁਖਤਾ ਬੰਦੋਬਸਤ ਦੇ ਨਾਲ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਰਵਾਈ ਕਰੇ। -ਪੀਟੀਆਈ