ਹਸੀਨਾ ਦੀ ਵਾਪਸੀ ਲਈ ਬੰਗਲਾਦੇਸ਼ ਲਵੇਗਾ ਇੰਟਰਪੋਲ ਦੀ ਮਦਦ
ਢਾਕਾ: ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਉਹ ਗੱਦੀਓ ਲਾਂਭੇ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਹੋਰ ਭਗੌੜਿਆਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਇੰਟਰਪੋਲ ਤੋਂ ਮਦਦ ਮੰਗੇਗੀ, ਤਾਂ ਕਿ ਉਨ੍ਹਾਂ ਸਾਰਿਆਂ ’ਤੇ ਮਨੁੱਖਤਾ ਖ਼ਿਲਾਫ਼ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾ ਸਕੇ। ਹਸੀਨਾ ਤੇ ਉਨ੍ਹਾਂ ਦੀ ਪਾਰਟੀ ਦੇ ਆਗੂਆਂ ’ਤੇ ਸਰਕਾਰ ਵਿਰੋਧੀ ਵਿਦਿਆਰਥੀ ਅੰਦੋਲਨ ਨੂੰ ਜ਼ਾਲਮਾਨਾ ਤਰੀਕੇ ਨਾਲ ਦਬਾਉਣ ਲਈ ਹੁਕਮ ਦੇਣ ਦਾ ਦੋਸ਼ ਹੈ। ਜੁਲਾਈ ਤੇ ਅਗਸਤ ਮਹੀਨੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਈ ਲੋਕਾਂ ਦੀ ਮੌਤ ਹੋਈ ਸੀ। ਬਾਅਦ ’ਚ ਵੱਡੇ ਪੱਧਰ ’ਤੇ ਰੋਸ ਮੁਜ਼ਾਹਰੇ ਹੋਣ ਮਗਰੋਂ ਸ਼ੇਖ ਹਸੀਨਾ ਨੂੰ 5 ਅਗਸਤ ਨੂੰ ਗੁਪਤ ਤੌਰ ’ਤੇ ਭਾਰਤ ਜਾਣਾ ਪਿਆ ਸੀ। ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 753 ਵਿਅਕਤੀ ਮਾਰੇ ਗਏ ਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਸਨ, ਜਿਸ ਨੂੰ ਉਸ ਨੇ ਮਨੁੱਖਤਾ ਖ਼ਿਲਾਫ਼ ਅਪਰਾਧ ਅਤੇ ਨਸਲਕੁਸ਼ੀ ਕਰਾਰ ਦਿੱਤਾ ਹੈ। ਅਕਤੂਬਰ ਦੇ ਮੱਧ ਤੱਕ ਸ਼ੇਖ ਹਸੀਨਾ ਤੇ ਉਸ ਦੀ ਪਾਰਟੀ ਦੇ ਆਗੂਆਂ ਵਿਰੁੱਧ ਆਈਸੀਟੀ ਕੋਲ ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਨਸਲਕੁਸ਼ੀ ਦੀਆਂ 60 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਆਸਿਫ ਨਜ਼ਰਉਲ ਨੇ ਇੱਥੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਦਫ਼ਤਰ ਦੇ ਨਵੀਨੀਕਰਨ ਦਾ ਨਿਰੀਖਣ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਇੰਟਰਪੋਲ ਰਾਹੀਂ ਬਹੁਤ ਜਲਦੀ ਹੀ ਰੈੱਡ ਨੋਟਿਸ ਜਾਰੀ ਕੀਤਾ ਜਾਵੇਗਾ। ਭਗੌੜੇ ਫਾਸ਼ੀਵਾਦੀ ਭਾਵੇਂ ਦੁਨੀਆ ’ਚ ਕਿਤੇ ਵੀ ਲੁਕੇ ਹੋਣ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ ਅਤੇ ਅਦਾਲਤ ’ਚ ਜਵਾਬਦੇਹ ਠਹਿਰਾਇਆ ਜਾਵੇਗਾ।’’ -ਪੀਟੀਆਈ