ਬੰਗਲਾਦੇਸ਼: ਸ਼ੇਖ ਹਸੀਨਾ ਖ਼ਿਲਾਫ਼ ਹੱਤਿਆ ਦੇ ਦੋ ਨਵੇਂ ਕੇਸ ਦਰਜ
ਢਾਕਾ, 31 ਅਗਸਤ
ਬੰਗਲਾਦੇਸ਼ ਵਿੱਚ ਰਾਖਵਾਂਕਰਨ ਸੁਧਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਦੇ ਦੋ ਕਾਰਕੁਨਾਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਸ ਦੇ ਸਾਬਕਾ ਕੈਬਨਿਟ ਮੰਤਰੀਆਂ ਖ਼ਿਲਾਫ਼ ਹੱਤਿਆ ਦੇ ਦੋ ਨਵੇਂ ਕੇਸ ਦਰਜ ਢਾਕਾ ਦੀਆਂ ਅਦਾਲਤਾਂ ਵਿੱਚ ਸ਼ੁੱਕਰਵਾਰ ਨੂੰ ਦਰਜ ਕੀਤੇ ਗਏ। ਇਹ 76 ਸਾਲਾ ਹਸੀਨਾ ਖ਼ਿਲਾਫ਼ ਦਰਜ ਵੱਖ-ਵੱਖ ਮਾਮਲਿਆਂ ਵਿੱਚ ਤਾਜ਼ਾ ਮਾਮਲੇ ਹਨ। ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਲਾਗੂ ਕਰਨ ਖ਼ਿਲਾਫ਼ ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਹਸੀਨਾ 5 ਅਗਸਤ ਨੂੰ ਅਸਤੀਫ਼ਾ ਦੇ ਕੇ ਭਾਰਤ ਭੱਜ ਗਈ ਸੀ। ‘ਡੇਲੀ ਸਟਾਰ’ ਅਖ਼ਬਾਰ ਦੀ ਖ਼ਬਰ ਮੁਤਾਬਕ ਇਨ੍ਹਾਂ ਦੋਵਾਂ ਮਾਮਲਿਆਂ ਨਾਲ ਹੀ ਹਸੀਨਾ ਖ਼ਿਲਾਫ਼ ਦਰਜ ਕੇਸਾਂ ਦੀ ਗਿਣਤੀ 84 ਹੋ ਗਈ ਹੈ, ਜਿਨ੍ਹਾਂ ਵਿੱਚ ਹੱਤਿਆ ਦੇ 70, ਮਨੁੱਖਤਾ ਵਿਰੁੱਧ ਅਪਰਾਧ ਤੇ ਕਤਲੇਆਮ ਦੇ ਅੱਠ, ਕਥਿਤ ਅਗਵਾ ਦੇ ਤਿੰਨ ਅਤੇ ਹੋਰ ਦੋਸ਼ਾਂ ਦੇ ਤਿੰਨ ਮਾਮਲੇ ਸ਼ਾਮਲ ਹਨ। ਬੀਐੱਨਪੀ ਦੇ ਮਤੀਉਰ ਰਹਿਮਾਨ ਨੇ ਚਾਰ ਅਗਸਤ ਨੂੰ ਪਾਰਟੀ ਕਾਰਕੁਨਾਂ ਜ਼ੁਲਕਰ ਹੁਸੈਨ (38) ਤੇ ਅੰਜਨਾ (28) ਦੀ ਹੋਈ ਮੌਤ ਸਬੰਧੀ ਕਿਸ਼ੋਰ ਗੰਜ ਵਿੱਚ ਕੇਸ ਦਰਜ ਕਰਵਾਇਆ ਸੀ। ਮਾਮਲੇ ਦੇ ਬਿਆਨ ਮੁਤਾਬਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਤੇ ਬੀਐੱਨਪੀ ਕਾਰਕੁਨਾਂ ਦੇ ਜਲੂਸ ’ਤੇ ਅਵਾਮੀ ਲੀਗ ਦੇ ਆਗੂਆਂ ਨੇ ਹਥਿਆਰਾਂ, ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਲਾ ਹਮਲਾ ਕੀਤਾ। ਕੁੱਝ ਬੀਐੱਨਪੀ ਕਾਰਕੁਨਾਂ ਨੇ ਨੇੜੇ ਦੇ ਖੋਰਮਾਪਤਰੀ ਇਲਾਕੇ ਵਿੱਚ ਇੱਕ ਜ਼ਿਲ੍ਹਾ ਅਵਾਮੀ ਲੀਗ ਆਗੂ ਦੇ ਘਰ ਸ਼ਰਨ ਲਈ, ਜਿੱਥੇ ਉਨ੍ਹਾਂ ਨੂੰ ਹਸੀਨਾ ਦੀ ਅਗਵਾਈ ਵਾਲੀ ਪਾਰਟੀ ਦੇ ਕਾਰਕੁਨਾਂ ਨੇ ਬੰਧਕ ਬਣਾ ਲਿਆ ਅਤੇ ਫਿਰ ਅੱਗ ਲਾ ਦਿੱਤੀ ਜਿਸ ਕਾਰਨ ਹੁਸੈਨ ਅਤੇ ਅੰਜਨਾ ਦੀ ਮੌਤ ਹੋ ਗਈ। -ਪੀਟੀਆਈ