ਬੰਗਲਾਦੇਸ਼ ਟ੍ਰਿਬਿਊਨਲ ਵੱਲੋਂ ਹਸੀਨਾ ਖ਼ਿਲਾਫ਼ ਜਾਂਚ ਅਗਲੇ ਮਹੀਨੇ ਤੱਕ ਪੂਰੀ ਕਰਨ ਦੀ ਹਦਾਇਤ
ਢਾਕਾ, 18 ਨਵੰਬਰ
ਬੰਗਲਾਦੇਸ਼ ਵਿੱਚ ਇਕ ਵਿਸ਼ੇਸ਼ ਟ੍ਰਿਬਿਊਨਨ ਨੇ ਅੱਜ ਜਾਂਚਕਰਤਾਵਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ਖ਼ਿਲਾਫ਼ ਜਾਂਚ ਦਾ ਕੰਮ ਪੂਰਾ ਕਰਨ ਲਈ ਇਕ ਮਹੀਨੇ ਦਾ ਸਮਾਂ ਹੈ। ਬੰਗਲਾਦੇਸ਼ ਵਿੱਚ ਕੁਝ ਮਹੀਨੇ ਪਹਿਲਾਂ ਹੋਏ ਪ੍ਰਦਰਸ਼ਨਾਂ ਵਿੱਚ ਸੈਂਕੜੇ ਵਿਅਕਤੀਆਂ ਦੀ ਮੌਤ ਤੋਂ ਬਾਅਦ ਹਸੀਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਮਨੁੱਖਤਾ ਖ਼ਿਲਾਫ਼ ਅਪਰਾਧ ਦੇ ਦੋਸ਼ ਲੱਗੇ ਹਨ। ਤਿੰਨ ਮੈਂਬਰੀ ‘ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ’ ਦੇ ਮੁੱਖ ਜੱਜ ਗੁਲਾਮ ਮੁਰਤੁਜ਼ਾ ਮਜੂਮਦਾਰ ਨੇ ਜਾਂਚਕਰਤਾਵਾਂ ਲਈ ਉਨ੍ਹਾਂ ਦਾ ਕੰਮ ਪੂਰਾ ਕਰਨ ਦੀ ਤਰੀਕ 17 ਦਸੰਬਰ ਤੈਅ ਕੀਤੀ ਹੈ। ਟ੍ਰਿਬਿਊਨਲ ਨੇ ਅੱਜ ਪੁਲੀਸ ਕੋਲੋਂ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਹਸੀਨਾ ਅਤੇ ਉਨ੍ਹਾਂ ਦੇ ਨੇੜਲਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕੀ ਕੀਤਾ ਹੈ। ਸਰਕਾਰੀ ਧਿਰ ਨੇ ਜਾਂਚ ਲਈ ਹੋਰ ਸਮਾਂ ਮੰਗਿਆ ਸੀ। ਹਸੀਨਾ ਇੱਥੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨਾਂ ਵਿਚਾਲੇ ਬੰਗਲਾਦੇਸ਼ ਛੱਡ ਕੇ 5 ਅਗਸਤ ਨੂੰ ਭਾਰਤ ਪਹੁੰਚ ਗਈ ਸੀ ਅਤੇ ਉਦੋਂ ਤੋਂ ਉੱਥੇ ਹੀ ਜਲਾਵਤਨੀ ਵਿੱਚ ਰਹਿ ਰਹੀ ਹੈ। ਢਾਕਾ ਸਥਿਤ ‘ਇੰਟਰਨੈਸ਼ਨਲ ਕ੍ਰਾਈਮਜ਼ ਟ੍ਰਿਬਿਊਨਲ’ ਨੇ 17 ਅਕਤੂਬਰ ਨੂੰ ਹਸੀਨਾ ਅਤੇ 45 ਹੋਰ ਵਿਅਕਤੀਆਂ ਲਈ ਵਾਰੰਟ ਜਾਰੀ ਕੀਤਾ ਸੀ। -ਪੀਟੀਆਈ
ਟ੍ਰਿਬਿਊਨਲ ਅੱਗੇ 13 ਵਿਅਕਤੀ ਪੇਸ਼
ਟ੍ਰਿਬਿਊਨਲ ਦੇ ਵਕੀਲ ਬੀਐੱਮ ਸੁਲਤਾਨ ਮਹਿਮੂਦ ਮੁਤਾਬਕ ਅੱਜ ਟ੍ਰਿਬਿਊਨਲ ਮੂਹਰੇ ਘੱਟੋ ਘੱਟ 13 ਵਿਅਕਤੀ ਪੇਸ਼ ਹੋਏ, ਜਿਨ੍ਹਾਂ ਵਿੱਚ ਇਕ ਸਾਬਕਾ ਕਾਨੂੰਨ ਮੰਤਰੀ ਅਤੇ ਹਸੀਨਾ ਦੇ ਨਿੱਜੀ ਖੇਤਰ ਦੇ ਇਕ ਸਲਾਹਕਾਰ ਅਤੇ ਕਾਰੋਬਾਰੀ ਸ਼ਾਮਲ ਹਨ। -ਪੀਟੀਆਈ