ਬੰਗਲਾਦੇਸ਼ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਮੰਗੀ
ਢਾਕਾ, 23 ਦਸੰਬਰ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਢਾਕਾ ਵਾਪਸ ਭੇਜਣ ਲਈ ਭਾਰਤ ਨੂੰ ਕੂਟਨੀਤਕ ਨੋਟ ਭੇਜਿਆ ਹੈ। ਹਸੀਨਾ ਜਲਾਵਤਨ ਕੀਤੇ ਜਾਣ ਮਗਰੋਂ 5 ਅਗਸਤ ਤੋਂ ਭਾਰਤ ਵਿੱਚ ਰਹਿ ਰਹੀ ਹੈ। ਉਹ ਵਿਦਿਆਰਥੀਆਂ ਦੀ ਅਗਵਾਈ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ ਛੱਡ ਕੇ ਭਾਰਤ ਆ ਗਈ ਸੀ।
ਢਾਕਾ ਸਥਿਤ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ (ਆਈਸੀਟੀ) ਨੇ ‘ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਨਸਲਕੁਸ਼ੀ’ ਲਈ ਹਸੀਨਾ ਅਤੇ ਉਸ ਦੀ ਕੈਬਨਿਟ ਵਿੱਚ ਸ਼ਾਮਲ ਰਹੇ ਮੰਤਰੀਆਂ, ਸਲਾਹਕਾਰਾਂ ਅਤੇ ਫੌਜੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਅੰਤਰਿਮ ਸਰਕਾਰ ਦੇ ਵਿਦੇਸ਼ ਮੰਤਰੀ ਤੌਹੀਦ ਹੁਸੈਨ ਨੇ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਭਾਰਤ ਸਰਕਾਰ ਨੂੰ ਇੱਕ ਕੂਟਨੀਤਕ ਨੋਟ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਕਿ ਬੰਗਲਾਦੇਸ਼ ਵਿੱਚ ਨਿਆਂਇਕ ਪ੍ਰਕਿਰਿਆ ਲਈ ਉਨ੍ਹਾਂ (ਹਸੀਨਾ) ਨੂੰ ਢਾਕਾ ਵਾਪਸ ਭੇਜਿਆ ਜਾਵੇ।’’ ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਜਹਾਂਗੀਰ ਆਲਮ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੇ ਬਰਖ਼ਾਸਤ ਪ੍ਰਧਾਨ ਮੰਤਰੀ ਹਸੀਨਾ ਦੀ ਹਵਾਲਗੀ ਲਈ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਉਸ (ਹਸੀਨਾ) ਦੀ ਹਵਾਲਗੀ ਸਬੰਧੀ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਹੈ। ਪ੍ਰਕਿਰਿਆ ਅਜੇ ਵੀ ਜਾਰੀ ਹੈ।’’ ਆਲਮ ਨੇ ਕਿਹਾ ਕਿ ਢਾਕਾ ਅਤੇ ਨਵੀਂ ਦਿੱਲੀ ਵਿਚਕਾਰ ਹਵਾਲਗੀ ਸੰਧੀ ਪਹਿਲਾਂ ਤੋਂ ਹੀ ਮੌਜੂਦ ਹੈ ਅਤੇ ਇਸ ਸੰਧੀ ਤਹਿਤ ਹਸੀਨਾ ਨੂੰ ਬੰਗਲਾਦੇਸ਼ ਵਾਪਸ ਲਿਆਂਦਾ ਜਾ ਸਕਦਾ ਹੈ। -ਪੀਟੀਆਈ