ਬੰਗਲਾਦੇਸ਼: ‘ਸ਼ਕਤੀਪੀਠ’ ਵਿੱਚੋਂ ਮਾਤਾ ਕਾਲੀ ਦਾ ਸੋਨੇ ਦਾ ਮੁਕਟ ਚੋਰੀ; ਮੋਦੀ ਨੇ ਕੀਤਾ ਸੀ ਭੇਟ
ਅਜੈ ਬੈਨਰਜੀ
ਨਵੀਂ ਦਿੱਲੀ, 11 ਅਕਤੂਬਰ
Goddess Kali's crown stolen from Bangladesh: ਬੰਗਲਾਦੇੇੇੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021 ਵਿਚ ਮੰਦਰ ਨੂੰ ਭੇਟ ਕੀਤਾ ਸੀ।
ਇਸ ਘਟਨਾ ਉਤੇ ਬੰਗਲਾਦੇਸ਼ ਸਥਿਤ ਭਾਰਤੀ ਹਾਈ ਕਮਿਸ਼ਨ ਨੇ ‘ਡੂੰਘੀ ਚਿੰਤਾ’ ਦਾ ਇਜ਼ਹਾਰ ਕਰਦਿਆਂ ਇਹ ਮਾਮਲਾ ਢਾਕਾ ਸਥਿਤ ਬੰਗਲਾਦੇਸ਼ੀ ਅਧਿਕਾਰੀਆਂ ਕੋਲ ਉਠਾਇਆ ਹੈ।
ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ ਹੈ, ‘‘ਪ੍ਰਧਾਨ ਮੰਤਰੀ ਮੋਦੀ ਵੱਲੋਂ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚ 2021 ’ਚ ਭੇਟ ਕੀਤੇ ਗਏ ਮੁਕਟ ਦੇ ਚੋਰੀ ਹੋ ਜਾਣ ਦੀਆਂ ਰਿਪੋਰਟਾਂ ਦੇਖੀਆਂ ਹਨ।... ਅਸੀਂ ਇਸ ਘਟਨਾ ਉਤੇ ਡੂੰਘੀ ਫ਼ਿਕਰਮੰਦੀ ਦਾ ਇਜ਼ਹਾਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਚੋਰੀ ਦੀ ਤਫ਼ਤੀਸ਼ ਕੀਤੀ ਜਾਵੇ, ਮੁਕਟ ਬਰਾਮਦ ਕੀਤਾ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।’’
ਸੂਤਰਾਂ ਨੇ ਕਿਹਾ ਕਿ ਢਾਕਾ ਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ ਕਿ ਬੰਗਲਾਦੇਸ਼ ਦੇ ਇਕ ਮੰਦਰ ਵਿਚੋਂ ਇਸ ਧਾਰਮਿਕ ਵਸਤੂ ਦੇ ਚੋਰੀ ਹੋਣ ਦੀ ਦੱਸੀ ਜਾ ਰਹੀ ਘਟਨਾ ਤੋਂ ਭਾਰਤ ਵਿਚ ਪ੍ਰੇਸ਼ਾਨੀ ਮਹਿਸੂਸ ਕੀਤੀ ਜਾ ਰਹੀ ਹੈ। ਇਹ ਮੰਦਰ ਹਿੰਦੂ ਧਰਮ ਦੀ ਇਕ ‘ਸ਼ਕਤੀਪੀਠ’ ਹੈ।