ਬੰਗਲਾਦੇਸ਼ ਨੇ ਜਮਾਤ-ਏ-ਇਸਲਾਮੀ ਤੋਂ ਪਾਬੰਦੀ ਹਟਾਈ
ਢਾਕਾ, 28 ਅਗਸਤ
ਨੋਬੇਲ ਐਵਾਰਡੀ ਮੁਹੰਮਦ ਯੂੁਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਕੱਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਤੋਂ ਪਾਬੰਦੀ ਹਟਾ ਲਈ ਹੈ। ਪਾਰਟੀ ’ਤੇ ਇਹ ਪਾਬੰਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਹਕੂਮਤ ਵੱਲੋਂ ਲਾਈ ਗਈ ਸੀ, ਜਿਨ੍ਹਾਂ ਨੂੰ ਦੇਸ਼ਿਵਆਪੀ ਅੰਦੋਲਨ ਕਾਰਨ ਅਹੁਦਾ ਛੱਡਣਾ ਪਿਆ ਹੈ। ਉਹ 5 ਅਗਸਤ ਨੂੰ ਅਸਤੀਫ਼ਾ ਦੇਣ ਮਗਰੋਂ ਦੇਸ਼ ਛੱਡ ਕੇ ਗੁਆਂਢੀ ਮੁਲਕ ਭਾਰਤ ’ਚ ਚਲੇ ਗਈ ਸੀ। ਸ਼ੇਖ਼ ਹਸੀਨਾ ਨੇ ਪਾਰਟੀ ਨੂੰ ‘ਅਤਿਵਾਦੀ ਅਤੇ ਦਹਿਸ਼ਤਗਰਦ’ ਸੰਗਠਨ ਦੱਸਦਿਆਂ ਇਸ ’ਤੇ ਪਾਬੰਦੀ ਲਾ ਦਿੱਤੀ ਸੀ ਅਤੇ ਸਰਕਾਰੀ ਨੌਕਰੀਆਂ ’ਚ ਕੋਟਾ ਪ੍ਰਣਾਲੀ ਖ਼ਿਲਾਫ਼ ਬਦਅਮਨੀ ਫੈਲਾਉਣ ਲਈ ਇਸ ਦੇ ਵਿਦਿਆਰਥੀ ਵਿੰਗ ਅਤੇ ਹੋਰ ਸਹਿਯੋਗੀ ਸੰਗਠਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਯੁੂਐੱਨ ਦੇ ਅੰਦਾਜ਼ੇ ਮੁਤਾਬਕ ਕਈ ਹਫ਼ਤਿਆਂ ਤੱਕ ਚੱਲੇ ਹਿੰਸਕ ਪ੍ਰਦਰਸ਼ਨਾਂ ਤੇ ਹਸੀਨਾ ਸਰਕਾਰ ਦੀ ਕਾਰਵਾਈ ਦੌਰਾਨ 600 ਤੋਂ ਵੱਧ ਵਿਅਕਤੀ ਮਾਰੇ ਗਏ ਸਨ। ਗ੍ਰਹਿ ਮੰਤਰਾਲੇ ਵੱਲੋਂ ਇਸਲਾਮ-ਪੱਖੀ ਜਮਾਤ-ਏ-ਇਸਲਾਮੀ ਤੋਂ ਪਾਬੰਦੀ ਹਟਾਏ ਜਾਣ ਨਾਲ ਪਾਰਟੀ ਲਈ ਆਪਣੀਆਂ ਸਰਗਰਮੀਆਂ ਚਲਾਉਣ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਹਾਲਾਂਕਿ ਚੋਣਾਂ ਲੜਨ ਲਈ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰੇਸ਼ਨ ਕਰਵਾਉਣੀ ਪਵੇਗੀ। ਦੂੁਜੇ ਪਾਸੇ ਪਾਰਟੀ ਵੱਲੋਂ ਹਾਲੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਚੋਣ ਕਮਿਸ਼ਨ 2013 ’ਚ ਜਮਾਤ-ਏ-ਇਸਲਾਮੀ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਸੀ ਅਤੇ ਚੋਣਾਂ ’ਚ ਹਿੱਸਾ ਲੈਣ ’ਤੇ ਪਾਬੰਦੀ ਲਾ ਦਿੱਤੀ ਸੀ। ਹਾਈ ਕੋਰਟ ਨੇ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਬਹਾਲ ਰੱਖਿਆ ਸੀ। -ਪੀਟੀਆਈ