ਬੰਗਲਾਦੇਸ਼: ਦੁਰਗਾ ਪੂਜਾ ਪੰਡਾਲ ’ਤੇ ਹਮਲੇ ਅਤੇ ਮੰਦਰ ’ਚ ਚੋਰੀ ਉਤੇ ਭਾਰਤ ਵੱਲੋਂ ਚਿੰਤਾ ਜ਼ਾਹਰ
ਨਵੀਂ ਦਿੱਲੀ, 12 ਅਕਤੂਬਰ
Attack on Minorities in Bangladesh: ਭਾਰਤ ਨੇ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੇ ਪੰਡਾਲ ਉਤੇ ਹੋਏ ਹਮਲੇ ਅਤੇ ਕਾਲੀ ਮੰਦਰ ਵਿਚ ਮਾਤਾ ਕਾਲੀ ਦਾ ਮੁਕਟ ਚੋਰੀ ਕੀਤੇ ਜਾਣ ਵਰਗੀਆਂ ਘਟਨਾਵਾਂ ਉਤੇ ਸ਼ਨਿੱਚਰਵਾਰ ਨੂੰ ‘ਡੂੰਘੀ ਚਿੰਤਾ’ ਜ਼ਾਹਰ ਕੀਤੀ ਹੈ। ਵਿਦੇਸ਼ ਮੰਤਰਾਲੇ (MEA) ਨੇ ਢਾਕਾ ਨੂੰ ਅਪੀਲ ਕੀਤੀ ਹੈ ਕਿ ਹਿੰਦੂ ਭਾਈਚਾਰੇ ਸਣੇ ਸਾਰੀਆਂ ਘੱਟਗਿਣਤੀਆਂ ਦੇ ਲੋਕਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਇਨ੍ਹਾਂ ਨੂੰ ‘ਅਫ਼ਸੋਸਨਾਕ ਘਟਨਾਵਾਂ’ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਵਾਰਦਾਤਾਂ ‘ਅਪਵਿੱਤਰਤਾ ਦੇ ਗਿਣੇ-ਮਿੱਥੇ ਢੰਗ-ਤਰੀਕੇ’ ਮੁਤਾਬਕ ਚੱਲਦੀਆਂ ਦਿਖਾਈ ਦਿੰਦੀਆਂ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਤਾਂਤੀਬਾਜ਼ਾਰ, ਢਾਕਾ ਵਿਚ ਇਕ ਪੂਜਾ ਪੰਡਾਲ ਉਤੇ ਹੋਏ ਹਮਲੇ ਅਤੇ ਪੂਜਨੀਕ ਜੇਸ਼ੋਰੇਸ਼ਵਰੀ ਕਾਲੀ ਮੰਦਰ, ਸਤਖੀਰਾ ਵਿਚ ਹੋਈ ਚੋਰੀ ਵਰਗੀਆਂ ਘਟਨਾਵਾਂ ਨੂੰ ਅਸੀਂ ਗੰਭੀਰਤਾ ਨਾਲ ਲਿਆ ਹੈ।’’
ਗ਼ੌਰਤਲਬ ਹੈ ਕਿ ਬੰਗਲਾਦੇਸ਼ੀ ਰੋਜ਼ਨਾਮਾ ‘ਪ੍ਰਥਮ ਆਲੋ’ ਨੇ ਇਕ ਖ਼ਬਰ ਵਿਚ ਪੁਰਾਣੇ ਢਾਕਾ ਸ਼ਹਿਰ ਦੇ ਤਾਂਤੀਬਾਜ਼ਾਰ ਵਿਚ ਇਕ ਦੁਰਗਾ ਪੂਜਾ ਪੰਡਾਲ ਉਤੇ ਕਥਿਤ ਤੌਰ ’ਤੇ ‘ਦੇਸੀ ਬੰਬ’ ਸੁੱਟੇ ਜਾਣ ਦੀ ਗੱਲ ਕਹੀ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ ਵਾਪਰੀ ਇਸ ਘਟਨਾ ਵਿਚ ਬੰਬ ਨੂੰ ਅੱਗ ਲੱਗ ਗਈ ਪਰ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। -ਪੀਟੀਆਈ