ਬੰਗਲਾਦੇਸ਼: ਹਸੀਨਾ ਦੇ ਰਿਸ਼ਤੇਦਾਰਾਂ ਤੇ ਅਵਾਮੀ ਲੀਗ ਆਗੂਆਂ ਦੇ ਘਰਾਂ ਦੀ ਭੰਨਤੋੜ
ਢਾਕਾ, 6 ਫਰਵਰੀ
ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਲੰਘੀ ਦੇਰ ਰਾਤ ਬਰਤਰਫ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਰਿਸ਼ਤੇਦਾਰਾਂ ਤੇ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਆਗੂਆਂ ਦੇ ਮਕਾਨ ਢਾਹ ਦਿੱਤੇ ਅਤੇ ਢਾਕਾ ਸਥਿਤ ਯਾਦਗਾਰ ’ਚ ਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੇ ਕੰਧ-ਚਿੱਤਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਰਿਪੋਰਟਾਂ ਮੁਤਾਬਕ ਅੱਜ ਸਵੇਰੇ ਵੀ ਘਰ ਢਾਹੁਣ ਦਾ ਕੰਮ ਜਾਰੀ ਸੀ। ਇਸੇ ਦੌਰਾਨ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਇੱਕ ਅਹਿਮ ਸਲਾਹਕਾਰ ਨੇ ਲੋਕਾਂ ਨੂੰ ਭੰਨਤੋੜ ਦੀਆਂ ਸਰਗਰਮੀਆਂ ਹਟਾ ਕੇ ਉਸਾਰੂ ਕਦਮਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਮੁਜੀਬੁਰ ਰਹਿਮਾਨ ਦੀ ਢਾਕਾ ਸਥਿਤ ਰਿਹਾਇਸ਼ ’ਚ ਭੰਨਤੋੜ ਤੇ ਅੱਗਜ਼ਨੀ ਕੀਤੀ ਸੀ। ਭੰਨਤੋੜ ਤੇ ਅੱਗਜ਼ਨੀ ਉਦੋਂ ਕੀਤੀ ਗਈ ਜਦੋਂ ਮੁਜੀਬੁਰ ਰਹਿਮਾਨ ਦੀ ਬੇਟੀ ਅਤੇ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਲੋਕਾਂ ਨੂੰ ਆਨਲਾਈਨ ਸੰਬੋਧਨ ਕਰ ਰਹੇ ਸਨ। ਸੋਸ਼ਲ ਮੀਡੀਆ ’ਤੇ ‘ਬੁਲਡੋਜ਼ਰ ਜਲੂਸ’ ਦੇ ਸੱਦੇ ਮਗਰੋਂ ਰਾਜਧਾਨੀ ਢਾਕਾ ਦੇ ਧਨਮੰਡੀ ਇਲਾਕੇ ’ਚ ਬੁੱਧਵਾਰ ਨੂੰ ਹਜ਼ਾਰਾਂ ਲੋਕਾਂ ਨੇ ਮੁਜੀਬੁਰ ਰਹਿਮਾਨ ਦੀ ਰਿਹਾਇਸ਼ ਸਾਹਮਣੇ ਰੈਲੀ ਕੀਤੀ ਤੇ ਫਿਰ ਬੁਲਡੋਜ਼ਰ ਨਾਲ ਇਮਾਰਤ ਨੂੰ ਢਾਹੁਣੀ ਸ਼ੁਰੂ ਕਰ ਦਿੱਤੀ। ਇਹ ਪ੍ਰਕਿਰਿਆ ਅੱਜ ਸਵੇਰ ਤੱਕ ਜਾਰੀ ਸੀ। ਬੰਗਲਾਦੇਸ਼ ਦੇ ਹੋਰ ਹਿੱਸਿਆਂ ’ਚੋਂ ਵੀ ਅੱਗਜ਼ਨੀ ਦੀਆਂ ਘਟਨਾਵਾਂ ਦੀਆਂ ਰਿਪੋਰਟਾਂ ਮਿਲੀਆਂ। ਪ੍ਰਦਰਸ਼ਨਕਾਰੀਆਂ ਨੇ ਖੁਲਨਾ ਸ਼ਹਿਰ ’ਚ ਹਸੀਨਾ ਦੇ ਰਿਸ਼ਤੇਦਾਰਾਂ ਸ਼ੇਖ ਹੇਲਾਲ ਉਦਦੀਨ ਅਤੇ ਸ਼ੇਖ ਸਲਾਉਦਦੀਨ ਜਵੈਲ ਦੇ ਮਕਾਨ ਵੀ ਢਾਹ ਦਿੱਤੇ ਜਦਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਢਾਕਾ ਯੂਨੀਵਰਸਿਟੀ ਦੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਹਾਲ ਵਿਚੋਂ ਸ਼ੇਖ ਮੁਜੀਬੁਰ ਰਹਿਮਾਨ ਦਾ ਨਾਮ ਮਿਟਾ ਦਿੱਤਾ। ਕੁਸ਼ਤੀਆ-3 ਤੋਂ ਸਾਬਕਾ ਕਾਨੂੰਨਸਾਜ਼ ਅਤੇ ਅਵਾਮੀ ਲੀਗ ਦੇ ਸੰਯੁਕਤ ਜਨਰਲ ਸਕੱਤਰ ਮਾਹਬੁਲਬੁਲ ਆਲਮ ਹਨੀਫ ਤੇ ਕੁਸ਼ਤੀਆ ਅਵਾਮੀ ਲੀਗ ਦੇ ਪ੍ਰਧਾਨ ਸਦਰ ਖ਼ਾਨ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਰਿਪੋਰਟਾਂ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਦੇਰ ਰਾਤ ਧਨਮੰਡੀ ਦੇ ਰੋਡ 5 ’ਤੇ ਸਥਿਤ ਹਸੀਨਾ ਦੇ ਮਰਹੂਮ ਪਤੀ ਵਾਜ਼ਿਦ ਮੀਆਂ ਦੀ ਰਿਹਾਇਸ਼ ‘ਸੁਧਾ ਸਦਨ’ ਨੂੰ ਵੀ ਅੱਗ ਲਗਾ ਦਿੱਤੀ। ਪੰਜ ਅਗਸਤ ਨੂੰ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨ ਮਗਰੋਂ ਸੁਧਾ ਸਦਨ ਖਾਲੀ ਹੋ ਗਿਆ ਸੀ। -ਪੀਟੀਆਈ
ਉਹ ਇਮਾਰਤ ਢਾਹ ਸਕਦੇ ਨੇ ਪਰ ਇਤਿਹਾਸ ਨਹੀਂ ਮਿਟਾ ਸਕਦੇ: ਹਸੀਨਾ
ਸ਼ੇਖ ਹਸੀਨਾ ਨੇ ਕਿਹਾ, ‘‘ਉਹ (ਪ੍ਰਦਰਸ਼ਨਕਾਰ) ਇੱਕ ਇਮਾਰਤ ਨੂੰ ਢਾਹ ਸਕਦੇ ਹਨ, ਪਰ ਉਹ ਇਤਿਹਾਸ ਨੂੰ ਨਹੀਂ ਮਿਟਾ ਸਕਦੇ। ਉਹ ਇਹ ਵੀ ਯਾਦ ਰੱਖਣ ਕਿ ਇਤਿਹਾਸ ਆਪਣਾ ਬਦਲਾ ਜ਼ਰੂਰ ਲੈਂਦਾ ਹੈ।’’ ਉਨ੍ਹਾਂ ਕਿਹਾ, ‘‘ਅੱਜ ਇਹ ਘਰ ਢਾਹਿਆ ਜਾ ਰਿਹਾ ਹੈ। ਇਸ ਨੇ ਕੀ ਗੁਨਾਹ ਕੀਤਾ ਹੈ? ਉਹ ਇੱਕ ਘਰ ਤੋਂ ਕਿਉਂ ਡਰੇ ਹੋਏ ਹਨ? ਮੈਂ ਦੇਸ਼ ਦੇ ਲੋਕਾਂ ਤੋਂ ਨਿਆਂ ਮੰਗਦੀ ਹਾਂ। ਕੀ ਮੈਂ ਤੁਹਾਡੇ ਲਈ ਕੁਝ ਨਹੀਂ ਕੀਤਾ।’’
ਭਾਰਤ ’ਚੋਂ ਹਸੀਨਾ ਦੀਆਂ ਸਰਗਰਮੀਆਂ ਕਾਰਨ ਬੰਗਲਾਦੇਸ਼ ਨਾਰਾਜ
ਢਾਕਾ:
ਬੰਗਲਾਦੇਸ਼ ਨੇ ਮੁਲਕ ਦੀ ਬਰਤਰਫ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਭਾਰਤ ’ਚ ਠਹਿਰ ਦੌਰਾਨ ‘ਝੂਠੇ ਤੇ ਮਨਘੜਤ ਬਿਆਨਾਂ’ ਲਈ ਗੁਆਂਢੀ ਮੁਲਕ ਕੋਲ ਰੋਸ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤ ਸਰਕਾਰ ਕੋਲ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਸੋਸ਼ਲ ਮੀਡੀਆ ਸਣੇ ਹੋਰ ਪਲੈਟਫਾਰਮਾਂ ’ਤੇ ਲਗਾਤਾਰ ਕੀਤੀਆਂ ਜਾ ਰਹੀਆਂ ‘ਝੂਠੀਆਂ ਮਨਘੜਤ ਟਿੱਪਣੀਆਂ ਤੇ ਬਿਆਨਾਂ’’ ਨੂੰ ਲੈ ਕੇ ਸਖਤ ਵਿਰੋਧ ਦਰਜ ਕਰਵਾਇਆ ਹੈ, ਜਿਸ ਨਾਲ ਬੰਗਲਾਦੇਸ਼ ’ਚ ਅਸਥਰਿਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ। -ਪੀਟੀਆਈ