ਬੰਗਲਾਦੇਸ਼: ਹਿੰਦੂਆਂ ਵੱਲੋਂ ਸੁਰੱਖਿਆ ਦੀ ਮੰਗ ਲਈ ਰੈਲੀ
ਢਾਕਾ, 2 ਨਵੰਬਰ
ਇੱਥੋਂ ਦੇ ਹਿੰਦੂਆਂ ਨੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿਚ ਉਨ੍ਹਾਂ ’ਤੇ ਹਮਲੇ ਵਧਣ ਤੇ ਅੰਤਰਿਮ ਸਰਕਾਰ ਵੱਲੋਂ ਘੱਟ ਗਿਣਤੀਆਂ ’ਤੇ ਹਮਲੇ ਕਰਵਾਉਣ ਵਾਲੇ ਮੁਸਲਮਾਨਾਂ ਦੀ ਪੁਸ਼ਤਪਨਾਹੀ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਹਿੰਦੂ ਆਗੂਆਂ ’ਤੇ ਹਮਲੇ ਕਰਨ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਇਸ ਵਰਤਾਰੇ ਖ਼ਿਲਾਫ਼ ਵੱਡੀ ਗਿਣਤੀ ਹਿੰਦੂਆਂ ਨੇ ਰੈਲੀ ਕੱਢੀ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ।
ਜਾਣਕਾਰੀ ਅਨੁਸਾਰ ਤੀਹ ਹਜ਼ਾਰ ਦੇ ਕਰੀਬ ਹਿੰਦੂਆਂ ਨੇ ਦੱਖਣ-ਪੂਰਬੀ ਸ਼ਹਿਰ ਚਟੋਗ੍ਰਾਮ ਦੇ ਚੌਕ ’ਤੇ ਪ੍ਰਦਰਸ਼ਨ ਕਰਦਿਆਂ ਆਪਣੇ ਹੱਕਾਂ ਦੀ ਮੰਗ ਕਰਦੇ ਹੋਏ ਨਾਅਰੇ ਲਾਏ। ਇਸ ਮੌਕੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਪੁਲੀਸ ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਹਿੰਦੂ ਧਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਰਕਾਰ ਦਾ ਤਖਤਾ ਪਲਟਣ ਤੇ ਦੇਸ਼ ਛੱਡ ਜਾਣ ਤੋਂ ਬਾਅਦ ਹਿੰਦੂਆਂ ਖ਼ਿਲਾਫ਼ ਹਜ਼ਾਰਾਂ ਹਮਲੇ ਹੋ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਬੰਗਲਾਦੇਸ਼ ਵਿਚ ਹਿੰਦੂਆਂ ਦੀ ਗਿਣਤੀ ਅੱਠ ਫੀਸਦੀ ਹੈ ਜਦਕਿ ਮੁਸਲਮਾਨਾਂ ਦੀ ਆਬਾਦੀ ਲਗਭਗ 91 ਫੀਸਦੀ ਹੈ। ਹਿੰਦੂਆਂ ਅਤੇ ਹੋਰ ਘੱਟ-ਗਿਣਤੀ ਭਾਈਚਾਰਿਆਂ ਦਾ ਕਹਿਣਾ ਹੈ ਕਿ ਅੰਤਰਿਮ ਸਰਕਾਰ ਨੇ ਉਨ੍ਹਾਂ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਉਣ ਲਈ ਯਤਨ ਨਹੀਂ ਕੀਤੇ। -ਏਪੀ