ਬੰਗਲਾਦੇਸ਼: ਹਿੰਦੂਆਂ ਤੇ ਮੁਸਲਮਾਨਾਂ ਨੇ ਰਲ ਕੇ ਕੀਤੀ ਮੰਦਰ ਦੀ ਰਾਖੀ
ਢਾਕਾ, 24 ਅਗਸਤ
ਇੱਥੇ ਪ੍ਰਾਚੀਨ ਢਾਕੇਸ਼ਵਰੀ ਮੰਦਰ ਦੀ ਦੇਵੀ ਨੂੰ ‘ਸਾਰੇ ਮਨੁੱਖਾਂ ਦੀ ਮਾਂ’ ਦੱਸਦਿਆਂ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਬੰਗਲਾਦੇਸ਼ ਵਿਚ ਸ਼ੇਖ਼ ਹਸੀਨਾ ਸਰਕਾਰ ਡਿੱਗਣ ਤੋਂ ਬਾਅਦ ਕਈ ਹਿੰਦੂ, ਮੁਸਲਮਾਨ ਅਤੇ ਹੋਰ ਭਾਈਚਾਰਿਆਂ ਦੇ ਲੋਕ ਮੰਦਰ ਦੀ ਰਾਖੀ ਲਈ ਤੁਰੰਤ ਇੱਥੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਥੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਰਾਣੇ ਢਾਕੇ ਦੇ ਸਦੀਆਂ ਪੁਰਾਣੇ ਮੰਦਰ ਦੇ ਆਲੇ-ਦੁਆਲੇ ਕਈ ਮਸਜਿਦਾਂ ਹਨ ਅਤੇ ਕਈ ਵਾਰ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਨੇੜਲੀਆਂ ਮਸਜਿਦਾਂ ਤੋਂ ਨਿਕਲਣ ਵਾਲੀ ‘ਅਜ਼ਾਨ’ ਦੀ ਆਵਾਜ਼ ਨਾਲ ਘੁਲ-ਮਿਲ ਜਾਂਦੀ ਹੈ। ਖ਼ਬਰ ਏਜੰਸੀ ‘ਪੀਟੀਆਈ’ ਦੇ ਪੱਤਰਕਾਰਾਂ ਨੇ ਬੀਤੇ ਦਿਨ ਪ੍ਰਮੁੱਖ ਸ਼ਕਤੀ ਪੀਠਾਂ ’ਚੋਂ ਇਕ ਸ੍ਰੀ ਸ੍ਰੀ ਢਾਕੇਸ਼ਵਰੀ ਮੰਦਰ ਦਾ ਦੌਰਾ ਕੀਤਾ ਅਤੇ ਇੱਥੇ ਮੱਥਾ ਟੇਕਣ ਆਏ ਹਿੰਦੂ ਭਾਈਚਾਰੇ ਦੇ ਲੋਕਾਂ ਅਤੇ ਪੁਜਾਰੀਆਂ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਮੁੱਖ ਪੁਜਾਰੀ ਆਸ਼ਿਮ ਮਾਇਤਰੋ ਨੇ ਕਿਹਾ ਕਿ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਪੂਜਾ ਕਰਨ ਆਉਂਦੇ ਹਨ। 15 ਸਾਲਾਂ ਤੋਂ ਮੰਦਰ ਦੀ ਸੇਵਾ ਕਰ ਰਹੇ ਇਸ ਪੁਜਾਰੀ ਨੇ ਕਿਹਾ ਕਿ ਉਹ ‘ਮਾਂ ਢਾਕੇਸ਼ਵਰੀ’ ਮੰਦਰ ਨੂੰ ਧਾਰਮਿਕ ਅਤੇ ਫਿਰਕੂ ਸਦਭਾਵਨਾ ਦੇ ਪ੍ਰਤੀਕ ਵਜੋਂ ਦੇਖਦੇ ਹਨ। ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਜਦੋਂ ਸਰਕਾਰ ਵਿਰੋਧੀ ਪ੍ਰਦਰਸ਼ਨ ਆਪਣੇ ਸਿਖਰ ’ਤੇ ਸਨ ਤਾਂ ਉਹ ਮੰਦਰ ਵਿੱਚ ਹੀ ਮੌਜੂਦ ਸਨ। ਉਨ੍ਹਾਂ ਕਿਹਾ, ‘‘ਉਸ ਵੇਲੇ ਮੈਂ ਆਪਣੇ ਲਈ ਨਹੀਂ ਸਗੋਂ ਪੁਰਾਣੇ ਮੰਦਰ ਅਤੇ ਦੇਵਤਿਆਂ ਦੀਆਂ ਮੂਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਮੰਦਰ ਕਮੇਟੀ ਦੇ ਮੈਂਬਰ ਵੀ ਇੱਥੇ ਹੀ ਸਨ। ਅਸੀਂ ਦਰਵਾਜ਼ੇ ਅਤੇ ਮੁੱਖ ਗੇਟ ਬੰਦ ਕਰ ਦਿੱਤੇ।’’ ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇਸ਼ ਛੱਡ ਕੇ ਚਲੀ ਗਈ ਸੀ ਅਤੇ ਹਿੰਸਾ ਸਿਖਰ ’ਤੇ ਸੀ ਤਾਂ ਇੱਥੇ ਇੱਕ ਵੀ ਪੁਲੀਸ ਮੁਲਾਜ਼ਮ ਮੌਜੂਦ ਨਹੀਂ ਸੀ। -ਪੀਟੀਆਈ