ਬੰਗਲਾਦੇਸ਼: ਅਦਾਲਤ ਵੱਲੋਂ ਚਿਨਮਯ ਦਾਸ ਨੂੰ ਜ਼ਮਾਨਤ ਤੋਂ ਇਨਕਾਰ
ਢਾਕਾ:
ਬੰਗਲਾਦੇਸ਼ ਦੀ ਅਦਾਲਤ ਨੇ ਹਿੰਦੂ ਸੰਤ ਤੇ ਇਸਕੌਨ ਨਾਲ ਜੁੜੇ ਰਹੇ ਚਿਨਮਯ ਕ੍ਰਿਸ਼ਨ ਦਾਸ ਨੂੰ ਅੱਜ ਦੇਸ਼ ਧਰੋਹ ਦੇ ਮਾਮਲੇ ’ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਉਸ ਵੱਲੋਂ 11 ਵਕੀਲਾਂ ਦਾ ਸਮੂਹ ਮੌਜੂਦ ਰਿਹਾ। ਚਿਨਮਯ ਕ੍ਰਿਸ਼ਨ ਦਾਸ ਡਿਜੀਟਲ ਢੰਗ ਨਾਲ ਅਦਾਲਤ ਦੀ ਕਾਰਵਾਈ ’ਚ ਸ਼ਾਮਲ ਹੋਏ। ਅਦਾਲਤ ਦੇ ਅਧਿਕਾਰੀ ਨੇ ਕਿਹਾ, ‘ਸੁਣਵਾਈ ਕਰੀਬ 30 ਮਿੰਟ ਤੱਕ ਜਾਰੀ ਰਹੀ। (ਮੈਟਰੋਪੋਲੀਟਨ ਸੈਸ਼ਨ) ਜੱਜ ਮੁਹੰਮਦ ਸੈਫੁਲ ਇਸਲਾਮ ਨੇ ਸਰਕਾਰੀ ਧਿਰ ਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਤੇ ਫਿਰ ਉਨ੍ਹਾਂ ਦੀ (ਦਾਸ ਦੀ) ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।’ ਦਾਸ ਪਹਿਲਾਂ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸ਼ੀਅਸਨੈੱਸ (ਇਸਕੌਨ) ਨਾਲ ਜੁੜੇ ਹੋਏ ਸਨ ਤੇ ਹੁਣ ਬੰਗਲਾਦੇਸ਼ ਸੰਮਿਲਿਤਾ ਸਨਾਤਨੀ ਜਾਗਰਨ ਜੋਤ ਸੰਗਠਨ ਦੇ ਬੁਲਾਰੇ ਹਨ। ਉਨ੍ਹਾਂ ਨੂੰ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਚਟਗਾਓਂ ਲਿਆਂਦਾ ਗਿਆ, ਜਿੱਥੇ ਅਦਾਲਤ ਨੇ ਅਗਲੇ ਦਿਨ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। -ਪੀਟੀਆਈ