ਬੰਗਲਾਦੇਸ਼: ਹਿੰਸਕ ਝੜਪਾਂ ਵਿੱਚ 91 ਹਲਾਕ, ਸੈਂਕੜੇ ਜ਼ਖ਼ਮੀ
ਢਾਕਾ, 4 ਅਗਸਤ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ’ਤੇ ਬਜ਼ਿੱਦ ਮੁਜ਼ਾਹਰਾਕਾਰੀਆਂ ਵੱਲੋਂ ਐਲਾਨੇ ‘ਅਸਹਿਯੋਗ ਅੰਦੋਲਨ’ ਦੇ ਪਹਿਲੇ ਦਿਨ ਅੱਜ ਉਨ੍ਹਾਂ ਤੇ ਸੱਤਾਧਾਰੀ ਅਵਾਮੀ ਲੀਗ ਦੇ ਹਮਾਇਤੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿਚ 14 ਪੁਲੀਸ ਮੁਲਾਜ਼ਮਾਂ ਸਣੇ 91 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੈਂਕੜੇ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਪ੍ਰਦਰਸ਼ਨਕਾਰੀ ਸਰਕਾਰੀ ਨੌਕਰੀਆਂ ਵਿਚ ਰਾਖਵਾਂਕਰਨ ਦੇ ਮੁੱਦੇ ’ਤੇ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਉਧਰ ਪ੍ਰਧਾਨ ਮੰਤਰੀ ਹਸੀਨਾ ਨੇ ਸੁਰੱਖਿਆ ਮਾਮਲਿਆਂ ਬਾਰੇ ਕੌਮੀ ਕਮੇਟੀ ਨਾਲ ਹੰਗਾਮੀ ਬੈਠਕ ਮਗਰੋਂ ਐਤਵਾਰ ਸ਼ਾਮੀਂ 6 ਵਜੇ ਤੋਂ ਪੂਰੇ ਦੇਸ਼ ਵਿਚ ਕਰਫਿਊ ਲਾ ਦਿੱਤਾ ਹੈ ਅਤੇ ਮੋਬਾਈਲ ਅਪਰੇਟਰਾਂ ਨੂੰ 4ਜੀ ਮੋਬਾਈਲ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਧਰ, ਭਾਰਤੀ ਦੂਤਾਵਾਸ ਨੇ ਬੰਗਲਾਦੇਸ਼ ਵਿਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ (ਸੇਧ) ਜਾਰੀ ਕਰਦਿਆਂ ਉਨ੍ਹਾਂ ਨੂੰ ‘ਚੌਕਸ ਰਹਿਣ’ ਦੀ ਹਦਾਇਤ ਕੀਤੀ ਹੈ। ਕਿਸੇ ਵੀ ਹੰਗਾਮੀ ਹਾਲਾਤ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। -ਆਈਏਐੱਨਐੱਸ