ਬੰਗਲਾਦੇਸ਼: Chinmoy Das ਨੂੰ ਨਹੀਂ ਮਿਲੀ ਰਾਹਤ, ਅਗਲੀ ਸੁਣਵਾਈ 2 ਜਨਵਰੀ ਨੂੰ
ਢਾਕਾ, 3 ਦਸੰਬਰ
ਕਥਿਤ ਦੇਸ਼ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਗਏ ਹਿੰਦੂ ਅਧਿਆਤਮਿਕ ਆਗੂ ਚਿਨਮਯ ਕ੍ਰਿਸ਼ਨ ਦਾਸ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਮੰਗਲਵਾਰ ਨੂੰ ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 2 ਜਨਵਰੀ 2025 ਤੈਅ ਕੀਤੀ। ਚਿਨਮਯ ਦਾਸ ਜੋ ਫਿਲਹਾਲ ਹਿਰਾਸਤ ’ਚ ਹਨ, ਦੇ ਜੇਲ ’ਚ ਹੀ ਰਹਿਣ ਦੀ ਉਮੀਦ ਹੈ।
ਡੇਲੀ ਸਟਾਰ ਬੰਗਲਾਦੇਸ਼ ਨੇ ਦੱਸਿਆ ਕਿ ਚਟੋਗ੍ਰਾਮ ਦੀ ਅਦਾਲਤ ਨੇ ਚਿਨਮਯ ਕ੍ਰਿਸ਼ਨਾ ਦਾਸ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 2 ਜਨਵਰੀ ਤੱਕ ਟਾਲ ਦਿੱਤੀ ਹੈ। ਚਟੋਗ੍ਰਾਮ ਦੇ ਮੈਟਰੋਪੋਲੀਟਨ ਸੈਸ਼ਨ ਜੱਜ ਸੈਫੁਲ ਇਸਲਾਮ ਨੇ ਸੁਣਵਾਈ ਲਈ ਨਵੀਂ ਤਰੀਕ ਤੈਅ ਕੀਤੀ ਕਿਉਂਕਿ ਬਚਾਅ ਪੱਖ ਦਾ ਵਕੀਲ ਅਦਾਲਤ ਤੋਂ ਗੈਰਹਾਜ਼ਰ ਸੀ। ਚਟਗਾਂਵ ਮੈਟਰੋਪੋਲੀਟਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ (ਪ੍ਰਾਸੀਕਿਊਸ਼ਨ) ਮੋਫਿਜ਼ੁਰ ਰਹਿਮਾਨ ਨੇ ਬਾਅਦ ਵਿੱਚ ਬੰਗਲਾਦੇਸ਼ ਮੀਡੀਆ ਨੂੰ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਦੋਸ਼ੀ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਸੰਮਿਲਿਤਾ ਸਨਾਤਨੀ ਜਾਗਰਣ ਜੋਟੇ ਨਾਲ ਸਬੰਧਤ ਚਿਨਮਯ ਕ੍ਰਿਸ਼ਨ ਦਾਸ ਨੂੰ 25 ਨਵੰਬਰ ਨੂੰ ਢਾਕਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਗ੍ਰਿਫ਼ਤਾਰੀ 31 ਅਕਤੂਬਰ ਨੂੰ ਇੱਕ ਸਥਾਨਕ ਸਿਆਸਤਦਾਨ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਹੋਈ ਸੀ ਜਿਸ ਵਿੱਚ ਚਿਨਮੋਏ ਦਾਸ ਅਤੇ ਹੋਰਨਾਂ ’ਤੇ ਬੰਗਲਾਦੇਸ਼ ਦੇ ਕੌਮੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਗਿਆ ਸੀ।
ਵਿਦੇਸ਼ ਮੰਤਰਾਲੇ (MEA) ਨੇ ਦਾਸ ਦੀ ਗ੍ਰਿਫਤਾਰੀ ਅਤੇ ਉਸ ਦੀ ਜ਼ਮਾਨਤ ਰੱਦ ਕੀਤੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ, ਕੋਮਾਂਤਰੀ ਪੱਧਰ ’ਤੇ ਬਹੁਤ ਸਾਰੇ ਲੋਕਾਂ ਨੇ ਦਾਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ‘ਐਕਸ’ 'ਤੇ ਇੱਕ ਪੋਸਟ ਵਿੱਚ,ISKCON, Inc. ਨੇ ਕਿਹਾ ਕਿ ਉਹ ਚਿਨਮਯ ਕ੍ਰਿਸ਼ਨ ਦਾਸ ਦੇ ਨਾਲ ਖੜ੍ਹੀ ਹੈ। -ਏਐੱਨਆਈ