Bangladesh bag: ਫ਼ਲਸਤੀਨੀ ਟੈਗ ਵਿਵਾਦ ਮਗਰੋਂ ਪ੍ਰਿਯੰਕਾ ਨੇ ਸੰਸਦ ਵਿਚ ਲਿਆਂਦਾ ‘ਬੰਗਲਾਦੇਸ਼’ ਬੈਗ
ਨਵੀਂ ਦਿੱਲੀ, 17 ਦਸੰਬਰ
ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਲੰਘੇ ਦਿਨ ਆਪਣੇ ਬੈਗ ਰਾਹੀਂ ਫਲਸਤੀਨੀਆਂ ਦੀ ਹਮਾਇਤ ਦਾ ਸੁਨੇਹਾ ਦੇਣ ਤੋਂ ਇਕ ਦਿਨ ਮਗਰੋਂ ਅੱਜ ਸੰਸਦ ਵਿਚ ‘ਬੰਗਲਾਦੇਸ਼’ ਬੈਗ ਨਾਲ ਪਹੁੰਚੀ। ਪ੍ਰਿਯੰਕਾ ਨੇ ਇਸ ਨਵੇਂ ਬੈਗ ਨਾਲ ਬੰਗਲਾਦੇਸ਼ ਦੇ ਹਿੰਦੂ ਤੇ ਈਸਾਈ ਘੱਟਗਿਣਤੀਆਂ ਨਾਲ ਖੜ੍ਹਨ ਦਾ ਸੁਨੇਹਾ ਦਿੱਤਾ। ਚੇਤੇ ਰਹੇ ਕਿ ਪ੍ਰਿਯੰਕਾ ਸੋਮਵਾਰ ਨੂੰ ਜਿਹੜਾ ਬੈਗ ਲੈ ਕੇ ਸੰਸਦ ਭਵਨ ਪਹੁੰਚੀ ਸੀ, ਉਸ ਉੱਤੇ ਫ਼ਲਸਤੀਨੀ ਟੈਗ ਤੇ ਜੰਗ ਦੇ ਝੰਬੇ ਮੁਲਕ ਦੇ ਕੁਝ ਪ੍ਰਤੀਕ ਸਨ। ਕਾਂਗਰਸ ਦੀ ਜਨਰਲ ਸਕੱਤਰ ਨੇ ਅੱਜ ਜਿਹੜਾ ਬੈਗ ਚੁੱਕਿਆ ਸੀ, ਉਸ ਉੱਤੇ ‘ਬੰਗਲਾਦੇਸ਼ ਕੇ ਹਿੰਦੂਜ਼ ਤੇ ਕ੍ਰਿਸ਼ਚੀਅਨਜ਼ ਕੇ ਸਾਥ ਖੜੇ ਹੋ’ ਲਿਖਿਆ ਸੀ। ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਨੇ ਬੰਗਲਾਦੇਸ਼ ਵਿਚ ਘੱੱਟਗਿਣਤੀਆਂ ਨਾਲ ਹੁੰਦੀਆਂ ਵਧੀਕੀਆਂ ਖਿਲਾਫ਼ ਆਪਣੇ ਸਾਥੀ ਮੈਂਬਰਾਂ ਨਾਲ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਉਨ੍ਹਾਂ ਹੱਥਾਂ ਵਿਚ ਕਰੀਮ ਰੰਗ ਦੇ ਬੈਗ ਫੜੇ ਹੋਏ ਸਨ। ਪ੍ਰਿਯੰਕਾ ਨੇ ਸੋਮਵਾਰ ਨੂੰ ਸੰਸਦ ਵਿਚ ਬੋਲਦਿਆਂ ਬੰਗਲਾਦੇਸ਼ ਵਿਚ ਹਿੰਦੂਆਂ ਤੇ ਈਸਾਈ ਘੱਟਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਰੱਖਿਆ ਸੀ। -ਪੀਟੀਆਈ