ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੰਗਲਾਦੇਸ਼ ਦੀ ਹੋਣੀ ਅਤੇ ਭਾਰਤ

06:31 AM Aug 10, 2024 IST

ਜਯੋਤੀ ਮਲਹੋਤਰਾ
Advertisement

ਜਦ 1974 ਵਿਚ ਰੋਨੇਨ ਸੇਨ ਦੀ ਢਾਕਾ (ਬੰਗਲਾਦੇਸ਼) ਵਿੱਚ ਨਿਯੁਕਤੀ ਹੋਈ, ਉਦੋਂ ਉਹ ਨੌਜਵਾਨ ਡਿਪਲੋਮੈਟ ਸਨ। ਬੰਗਲਾਦੇਸ਼ ਵੀ 1971 ਦੀ ‘ਲਿਬਰੇਸ਼ਨ ਵਾਰ’ ਤੋਂ ਬਾਅਦ ਨਵਾਂ-ਨਵਾਂ ਮੁਲਕ ਬਣਿਆ ਸੀ ਜਿਸ ’ਤੇ ਲੋਕਤੰਤਰ ਦਾ ਜੇਤੂ ਨਾਇਕ ਮੁਜੀਬੁਰ ਰਹਿਮਾਨ ਰਾਜ ਕਰ ਰਿਹਾ ਸੀ। ਇਕ ਸਾਲ ਦੇ ਅੰਦਰ ਹੀ ਮੁਜੀਬ ਦਾ ਪਰਿਵਾਰ ਸਣੇ ਜਿਸ ’ਚ ਸਭ ਤੋਂ ਛੋਟਾ ਪੁੱਤਰ ਰਸਲ (10) ਵੀ ਸ਼ਾਮਲ ਸੀ, 15 ਅਗਸਤ 1975 ਨੂੰ ਸੁਵੱਖਤੇ ਰਾਜਧਾਨੀ ਦੇ ਕੇਂਦਰ ’ਚ ਪੈਂਦੇ ਉਨ੍ਹਾਂ ਦੇ ਘਰ ਧਨਮੰਡੀ ’ਚ ਕਤਲ ਕਰ ਦਿੱਤਾ ਗਿਆ (ਮੈਂ ਉਸ ਘਰ ਦਾ ਕਈ ਵਾਰ ਦੌਰਾ ਕੀਤਾ ਹੈ ਜੋ ਬਾਅਦ ਵਿਚ ਯਾਦਗਾਰ ਵਜੋਂ ਸੰਭਾਲਿਆ ਗਿਆ। ਪੌੜੀਆਂ ਉਤੇ ਖ਼ੂਨ ਦੇ ਫਿੱਕੇ ਪਏ ਛਿੱਟਿਆਂ ਦੇ ਨਿਸ਼ਾਨ ਹਨ, ਜਦ ਮੁਜੀਬ ਦੇ ਪਰਿਵਾਰ ਨੇ ਜਾਨ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਹ ਬੰਗਲਾਦੇਸ਼ ਦੇ ਖ਼ੂਨੀ ਤੇ ਉਥਲ-ਪੁਥਲ ਭਰੇ ਇਤਿਹਾਸ ਦੀ ਗਵਾਹੀ ਭਰਦੇ ਹਨ)।
ਸੇਨ ਜਿਸ ਢੰਗ ਨਾਲ ਸਾਰੀ ਕਹਾਣੀ ਸੁਣਾਉਂਦੇ ਹਨ ਕਿ ਕਿਵੇਂ ਉਸ ਸਵੇਰ ਮੁਜੀਬ ਦੇ ਕਤਲ ਦੀ ਖ਼ਬਰ ਢਾਕਾ ਤੋਂ ਦਿੱਲੀ ਇੰਦਰਾ ਗਾਂਧੀ ਨੂੰ ਭੇਜੀ ਗਈ- ਜਾਪਦਾ ਹੈ ਕਿ ਹਰ ਤਰ੍ਹਾਂ ਦਾ ਸਾਧਨ ਵਰਤਿਆ ਗਿਆ, ਇਸ ’ਚ ਮੋਟਰਬਾਈਕ ਤੱਕ ਸ਼ਾਮਲ ਸੀ- ਤੇ ਕਿਵੇਂ ਇਹ ਜਾਣਕਾਰੀ ਉਸ (ਇੰਦਰਾ) ਤੱਕ ਪਹੁੰਚੀ, ਜਦ ਉਹ ਦੇਸ਼ ਦੇ ਨਾਂ ਸੰਬੋਧਨ ਕਰਨ ਲਈ ਲਾਲ ਕਿਲ੍ਹੇ ਦੀ ਫ਼ਸੀਲ ਬਸ ਚੜ੍ਹ ਹੀ ਰਹੀ ਸੀ। ਮੁਜੀਬ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਸੀ।... ਜਵਾਨ ਮੁਲਕ ਦਾ ਵਾਅਦਾ ਅਧੂਰਾ ਹੀ ਰਹਿ ਗਿਆ ਸੀ।
ਸੇਨ ਮੁਤਾਬਕ ਜਦ ਵੀ ਉਹ ਉਸ ਅਜੀਬ ਸਵੇਰ ਬਾਰੇ ਸੋਚਦੇ ਹਨ ਕਿ ਉਹ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ 49 ਸਾਲ ਪਹਿਲਾਂ ਇਹ ਹੱਤਿਆਵਾਂ ਕੀਤੀਆਂ? ਤੇ ਪਿਛਲੇ ਹਫ਼ਤੇ ਬੰਗਲਾਦੇਸ਼ ਵਿਚ ਹੋਈ ਉਥਲ-ਪੁਥਲ ਲਈ ਕੌਣ ਜਿ਼ੰਮੇਵਾਰ ਸੀ ਤਾਂ ਉਹ ਅਜੀਬ ਕਲਪਨਾ ਸ਼ਕਤੀ ਨਾਲ ਭਰ ਜਾਂਦੇ ਹਨ।
ਭਾਰਤ ’ਚ ਅਸੀਂ ਹੁਣ ਜਦ ਇਕ ਹੋਰ ਸੁਤੰਤਰਤਾ ਦਿਵਸ ਮਨਾਉਣ ਜਾ ਰਹੇ ਹਾਂ ਤਾਂ ਬੰਗਲਾਦੇਸ਼ ਦੀਆਂ ਹਾਲੀਆ ਘਟਨਾਵਾਂ 1975 ਦੀਆਂ ਯਾਦਾਂ ਦੇ ਨਾਲ ਕੇਵਲ ਰੌਸ਼ਨ ਹੀ ਨਹੀਂ ਹੋ ਉੱਠਦੀਆਂ ਬਲਕਿ ਇਨ੍ਹਾਂ ’ਤੇ ਭਵਿੱਖ ’ਚ ਵਾਪਰਨ ਵਾਲੀਆਂ ਚੀਜ਼ਾਂ ਦਾ ਰੰਗ ਵੀ ਚੜ੍ਹ ਜਾਂਦਾ ਹੈ। ਮੁੱਖ ਸਲਾਹਕਾਰ ਮੁਹੰਮਦ ਯੂਨਸ ਅਧੀਨ ਜਦੋਂ 17 ਮੈਂਬਰੀ ਅੰਤ੍ਰਿਮ ਸਰਕਾਰ ਹਲਫ ਲੈ ਰਹੀ ਹੈ, ਰਿਪੋਰਟਾਂ ਆ ਰਹੀਆਂ ਹਨ ਕਿ ਬੀਐੱਸਐੱਫ ਜ਼ਮੀਨੀ ਸਰਹੱਦਾਂ ਰਾਹੀਂ ਬੰਗਲਾਦੇਸ਼ੀਆਂ ਨੂੰ ਭਾਰਤ ਵਿਚ ਦਾਖਲ ਹੋਣ ਤੋਂ ਰੋਕ ਰਹੀ ਹੈ। ਜਾਪਦਾ ਹੈ ਕਿ ਭਾਜਪਾ ਦੁਚਿਤੀ ’ਚ ਹੈ- ਕਿ ਜਿਨ੍ਹਾਂ ਲੋਕਾਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਸਮਾਂ ਪਹਿਲਾਂ ‘ਸਿਉਂਕ’ ਦੱਸਿਆ ਸੀ, ਉਨ੍ਹਾਂ ਨੂੰ ਦਾਖਲ ਹੋਣ ਦਿੱਤਾ ਜਾਵੇ ਜਾਂ ਰੋਕਿਆ ਜਾਵੇ ਜਿਸ ਦੀ ਅਸਾਮ ਤੇ ਤ੍ਰਿਪੁਰਾ ਦੇ ਭਾਜਪਾ ਮੁੱਖ ਮੰਤਰੀਆਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਕੀ ਸਿਰਫ਼ ਬੰਗਲਾਦੇਸ਼ੀ ਹਿੰਦੂਆਂ ਨੂੰ ਹੀ ਆਉਣ ਦਿੱਤਾ ਜਾਵੇ- ਯਾਦ ਰਹੇ ਕਿ ਸੀਏਏ ਤਹਿਤ ਨਾਗਰਿਕਤਾ ਸਿਰਫ਼ ਦੱਖਣ ਏਸ਼ੀਆ ਦੀਆਂ ‘ਘੱਟਗਿਣਤੀਆਂ’ ਉਤੇ ਲਾਗੂ ਹੁੰਦੀ ਹੈ- ਜਾਂ ਭਾਰਤ ਨੂੰ ਸਾਰੇ ਬੰਗਲਾਦੇਸ਼ੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦੇਣੇ ਚਾਹੀਦੇ ਹਨ ਜਿਨ੍ਹਾਂ ਵਿਚ ਧਰਮ ਨਿਰਪੱਖ ਅਵਾਮੀ ਲੀਗ ਦੇ ਬੰਦੇ ਵੀ ਸ਼ਾਮਲ ਹਨ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਹਵਾਈ ਅੱਡੇ ਨੇੜੇ ਇਸ ਆਸ ਵਿਚ ਲੁਕੇ ਹੋਏ ਹਨ ਕਿ ਉਹ ਜਲਦੀ ਹੀ ਜਹਾਜ਼ ਫੜ ਕੇ ਸੁਰੱਖਿਅਤ ਨਿਕਲ ਜਾਣਗੇ।
ਰੋਨੇਨ ਸੇਨ ਦੇ ‘ਦੇਜਾ ਵੂ’ (ਪਹਿਲਾਂ ਤੋਂ ਦੇਖਿਆ ਹੋਇਆ) ਨੂੰ 49 ਸਾਲ ਪਿੱਛੇ ਜਾਣ ਦੀ ਲੋੜ ਨਹੀਂ। ਕਈਆਂ ਨੂੰ ਇਕ ਹੋਰ 15 ਅਗਸਤ ਯਾਦ ਹੈ ਜੋ ਤਿੰਨ ਸਾਲ ਪਹਿਲਾਂ 2021 ਨੂੰ ਆਇਆ ਸੀ ਜਦ ਅਫ਼ਗਾਨ ਰਾਸ਼ਟਰਪਤੀ ਅਸ਼ਰਫ਼ ਗਨੀ ਆਪਣੇ ਤਿੰਨ ਕਰੀਬੀ ਸਾਥੀਆਂ ਤੇ ਨਗ਼ਦੀ ਦੇ ਬੈਗ ਨਾਲ ਕਾਬੁਲ ਤੋਂ ਭੱਜੇ ਸਨ। ਗਨੀ ਦੇ ਇਹ ਸਾਥੀ ਪੱਛਮੀ ਜਗਤ ਦੇ ਵੱਖ-ਵੱਖ ਹਿੱਸਿਆਂ ’ਚ ਵਸ ਗਏ, ਗ਼ਨੀ ਖ਼ੁਦ ਅਬੂਧਾਬੀ ’ਚ ਹੈ। ਬੰਗਲਾਦੇਸ਼ ਵਾਂਗੂ ਭਾਰਤ ਨੇ ਦੇਸ਼ ਵਿਚ ਸਾਰੇ ਅਫ਼ਗਾਨ ਨਾਗਰਿਕਾਂ ਦਾ ਦਾਖਲਾ ਬੰਦ ਕਰ ਦਿੱਤਾ ਸੀ- ਉਨ੍ਹਾਂ ਨੂੰ ਹੁਣ ਵੀ ਇਜਾਜ਼ਤ ਨਹੀਂ ਹੈ।
ਹਸੀਨਾ ਨਾਲ ਇਸ ਮਾਮਲੇ ਵਿਚ ਵੱਖਰੀਆਂ ਚੀਜ਼ਾਂ ਹੋਈਆਂ ਹਨ। ਸਾਬਕਾ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਨੂੰ ਢਾਕਾ ਤੋਂ ਦੌਡਿ਼ਆਂ ਅਤੇ ਹਿੰਡਨ ਏਅਰਬੇਸ ਉਤੇ ਉਤਰਿਆਂ ਪੰਜ ਦਿਨ ਹੋ ਚੁੱਕੇ ਹਨ ਪਰ ਉਹ ਅਜੇ ਵੀ ਬਰਤਾਨੀਆ ’ਚ ਦਾਖਲ ਹੋਣ ਦੀ ਮਨਜ਼ੂਰੀ ਉਡੀਕ ਰਹੀ ਹੈ। ਵੱਡੀ ਸੰਭਾਵਨਾ ਹੈ ਕਿ ਬਰਤਾਨੀਆ, ਅਮਰੀਕਾ ਦੀ ਹਾਂ ਉਡੀਕ ਰਿਹਾ ਹੈ- ਹਸੀਨਾ ਤੇ ਅਮਰੀਕੀਆਂ ਦੀ ਦੁਸ਼ਮਣੀ ਨੂੰ ਹਰ ਕੋਈ ਜਾਣਦਾ ਹੈ, ਤੇ ਨਾਲ ਹੀ ਵਾਸ਼ਿੰਗਟਨ ਡੀਸੀ ਦੇ ਲੰਡਨ ਨਾਲ ਖਾਸ ਰਿਸ਼ਤਿਆਂ ਤੋਂ ਵੀ ਸਾਰੇ ਜਾਣੂ ਹਨ- ਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਮਰੀਕਾ ਹਸੀਨਾ ਨੂੰ ਉਡੀਕ ਕਰਵਾ ਕੇ ਸੁਨੇਹਾ ਦੇਣਾ ਚਾਹੁੰਦਾ ਹੈ।
ਵੱਡਾ ਵਿਅੰਗ ਹੈ ਕਿ ਜੇ ਹਸੀਨਾ ਨੂੰ ਲੰਡਨ ਆਉਣ ਦੀ ਇਜਾਜ਼ਤ ਮਿਲਦੀ ਹੈ ਤਾਂ ਉਹ ਜਲਾਵਤਨੀ ਕੱਟ ਰਹੇ ਇਕ ਹੋਰ ਬੰਗਲਾਦੇਸ਼ੀ ਦੀ ਥਾਂ ਲਏਗੀ ਜੋ ਉੱਥੇ 15 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਰਹਿ ਰਿਹਾ ਹੈ, ਤੇ ਸ਼ਾਇਦ ਘਰ ਪਰਤਣ ਦਾ ਰਾਹ ਬਣਾ ਰਿਹਾ ਹੈ- ਉਹ ਹੈ ਤਾਰਿਕ ਰਹਿਮਾਨ ਜੋ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਨੇਤਾ ਖਾਲਿਦਾ ਜਿ਼ਆ ਦਾ ਪੁੱਤਰ ਹੈ ਜਿਸ ਨੂੰ ‘ਟੀਨੋ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਹਿਮਾਨ ਦੀ ਮਾਂ, ਸਾਬਕਾ ਪ੍ਰਧਾਨ ਮੰਤਰੀ ਅਤੇ ਸਾਬਕਾ ਮਾਰਸ਼ਲ ਲਾਅ ਤਾਨਾਸ਼ਾਹ ਜਨਰਲ ਜਿ਼ਆ-ਉਰ-ਰਹਿਮਾਨ ਦੀ ਪਤਨੀ ਖਾਲਿਦਾ ਬਿਮਾਰ ਹੈ। ਜਦ ਟੀਨੋ ਲੰਡਨ ਤੋਂ ਢਾਕਾ ਪਰਤੇਗਾ ਜੋ ਜਲਦੀ ਹੀ ਹੋ ਸਕਦਾ ਹੈ ਤਾਂ ਉਹ ਜਾਂ ਤਾਂ ਖੁੱਲ੍ਹੇਆਮ ਸੱਤਾ ਦਾ ਹਿੱਸਾ ਹੋਵੇਗਾ ਜਾਂ ਫਿਰ ਪਰਦੇ ਪਿੱਛਿਓਂ ਰੋਲ ਅਦਾ ਕਰੇਗਾ।
ਅਗਲੇ ਕੁਝ ਹਫ਼ਤੇ ਦਿਲਚਸਪ ਹੋਣਗੇ। ਹਰ ਕੋਈ ਦੇਖੇਗਾ ਕਿ ਮੁੱਖ ਸਲਾਹਕਾਰ ਯੂਨਸ ਤੇ ਬੰਗਲਾਦੇਸ਼ੀ ਸੈਨਾ ਦਰਮਿਆਨ ਰਿਸ਼ਤੇ ਕਿਸ ਤਰ੍ਹਾਂ ਅੱਗੇ ਵਧਦੇ ਹਨ। ਸੈਨਾ ਮੁਖੀ ਵਾਕਰ-ਉਜ਼-ਜ਼ਮਾਨ ਇਸ ਮਹੀਨੇ ਦਿੱਲੀ ਆਉਣ ਵਾਲੇ ਸਨ- ਦਿੱਲੀ ਨੂੰ ਜ਼ੋਰ ਦੇਣਾ ਚਾਹੀਦਾ ਹੈ ਕਿ ਇਹ ਦੌਰਾ ਜਲਦੀ ਤੋਂ ਜਲਦੀ ਹੋਵੇ। ਹੁਣ ਅਸੀਂ ਇਹ ਵੀ ਜਾਣ ਚੁੱਕੇ ਹਾਂ ਕਿ ਹਸੀਨਾ ਦੇ ਭੱਜਣ ਤੋਂ 48 ਘੰਟੇ ਪਹਿਲਾਂ ਉਸ ਨੂੰ ਅਮਰੀਕਾ ਰਹਿੰਦੇ ਪੁੱਤਰ ਨੇ ਅਹੁਦਾ ਛੱਡਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ- ਜਾਪਦਾ ਹੈ ਕਿ ਉਸ ਨੇ ਅਜਿਹਾ ਕਰਨ ਬਾਰੇ ਆਪਣੀ ਭੈਣ ਰਿਹਾਨਾ ਦੀ ਬੇਨਤੀ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ- ਫੌਜੀ ਅਧਿਕਾਰੀਆਂ ਨੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਨਾ ਚਲਾਉਣ ਦਾ ਅਹਿਦ ਕੀਤਾ ਹੋਇਆ ਸੀ। ਬੰਗਲਾਦੇਸ਼ੀ ਫੌਜ ’ਚ ਲੋਕਾਂ ਪ੍ਰਤੀ ਵਫ਼ਾਦਾਰੀ ਦਿਖਾਉਣ ਦੀ ਇਕ ਰਵਾਇਤ ਹੈ- ਕਿਉਂਕਿ ਇਨ੍ਹਾਂ ’ਚੋਂ ਹਜ਼ਾਰਾਂ ਨੇ ਆਜ਼ਾਦੀ ਲਈ ਲੜੀ ਜੰਗ ਵਿਚ ਆਪਣੀ ਜਾਨ ਦਿੱਤੀ ਹੈ- ਫਿਰ ਭਾਵੇਂ ਗੈਰਰਸਮੀ ਤੌਰ ’ਤੇ ਸਰਕਾਰ ਉਤੇ ਕੰਟਰੋਲ ਰੱਖਣ ਦੀ ਲਾਲਸਾ ਕਿੰਨੀ ਵੀ ਮਜ਼ਬੂਤ ਕਿਉਂ ਨਾ ਹੋਵੇ।
ਮੋਦੀ ਸਰਕਾਰ ਕਿਉਂਕਿ ਹੁਣ ਦੱਖਣ ਏਸ਼ੀਆ ਦੀ ਮੁੜ ਕਤਾਰਬੰਦੀ ਬਾਰੇ ਸੋਚ ਰਹੀ ਹੈ, ਇਸ ਨੂੰ ਇਹ ਸਵਾਲ ਖ਼ੁਦ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਹ ਕਿਸ ਤਰ੍ਹਾਂ ਦੀ ‘ਨੇਬਰਹੁੱਡ ਫਸਟ’ ਨੀਤੀ ਚਾਹੁੰਦੀ ਹੈ- ਖਾਸ ਤੌਰ ’ਤੇ ਉਦੋਂ ਜਦ ਅਜਿਹਾ ਜਾਪਦਾ ਹੈ ਕਿ ਪਾਕਿਸਤਾਨ ਦੀ ਆਈਐੱਸਆਈ ਹੁਣ ਆਰਾਮ ਨਾਲ ਬੰਗਾਲ ਦੀ ਖਾੜੀ ਦੇ ਪਾਣੀਆਂ ਵਿਚ ਤਾਰੀਆਂ ਲਾ ਸਕਦੀ ਹੈ। ਸਚਾਈ ਇਹ ਹੈ ਕਿ ਭਾਰਤੀ ਉਪ ਮਹਾਦੀਪ, ਅਮਰੀਕਾ ਜਾਂ ਰੂਸ ਜਾਂ ਚੀਨ ਨਾਲ ਸਾਡੇ ਰਿਸ਼ਤਿਆਂ ਤੋਂ ਵੱਖਰਾ ਹੈ ਕਿਉਂਕਿ ਭਾਰਤ ਦੇ ਆਪਣੇ ਗੁਆਂਢੀਆਂ ਨਾਲ ਸਬੰਧ ਸਭਿਆਚਾਰ, ਧਰਮ, ਨਸਲ ਤੇ ਭਾਸ਼ਾ ਦੇ ਪੱਖ ਤੋਂ ਬਹੁਤ ਗਹਿਰੇ ਹਨ। ਇਹ ਸਾਰੇ ਇਕ-ਦੂਜੇ ਵਿਚ ਸਮੋਏ ਹੋਏ ਹਨ। ਇਸ ਲਈ ਹਰੇਕ ਨਾਲ ਲਗਾਤਾਰ ਗੱਲਬਾਤ ਬਹੁਤ ਜ਼ਰੂਰੀ ਹੈ, ਉਨ੍ਹਾਂ ਨਾਲ ਵੀ ਜੋ ਤੁਹਾਨੂੰ ਪਸੰਦ ਨਹੀਂ ਕਰਦੇ- ਇਹ ਜਾਣਨ ਲਈ ਕਿ ਅਜਿਹਾ ਕਰਨ ਪਿਛਲਾ ਕਾਰਨ ਕੀ ਹੈ।
ਸਚਾਈ ਇਹ ਵੀ ਹੈ ਕਿ ਅਮਰੀਕੀ ਆਲੋਚਨਾ ਦੇ ਬਾਵਜੂਦ ਭਾਰਤ ਨੇ ਹਸੀਨਾ ਦਾ ਦੋ ਚੋਣਾਂ ਵਿਚ ਪੱਖ ਪੂਰਿਆ ਪਰ ਹਾਲਾਤ ਵਿਗੜਨ ’ਤੇ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਜਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਉਸ ਨੂੰ ਫੋਨ ਕਰ ਕੇ ‘ਭਰਾਵਾਂ ਵਾਂਗੂ ਮਸ਼ਵਰਾ’ ਦੇ ਸਕਦੇ ਸਨ ਜਿਵੇਂ ਪ੍ਰਣਬ ਮੁਖਰਜੀ ਦਿੰਦੇ ਰਹੇ? ਦੂਜੇ ਸ਼ਬਦਾਂ ’ਚ, ਸ਼ਾਇਦ ਜੇ ਉਨ੍ਹਾਂ ਹਸੀਨਾ ਦਾ ਹੱਥ ਫਡਿ਼ਆ ਹੁੰਦਾ ਤੇ ਅਸਤੀਫ਼ਾ ਦੇਣ ਲਈ ਮਨਾ ਲਿਆ ਹੁੰਦਾ ਤਾਂ ਉਹ ਮਾੜੀ ਕਿਸਮਤ ਦੇ ਇਸ ਖੇਡ ਨੂੰ ਰੋਕ ਸਕਦੇ ਸਨ?
ਹੁਣ ਜਦ ਭਾਰਤ ਧਨਮੰਡੀ ਵਿਚ ਬੰਗਬੰਧੂ ਮੁਜੀਬੁਰ ਰਹਿਮਾਨ ਦੇ ਸੜੇ ਘਰ ਦੀਆਂ ਤਸਵੀਰਾਂ ਦੇਖ ਰਿਹਾ ਹੈ ਜਿੱਥੇ ਉਸ ਦਾ ਅਤੇ ਉਸ ਦੇ ਪਰਿਵਾਰ ਦਾ 15 ਅਗਸਤ 1975 ਨੂੰ ਕਤਲ ਕੀਤਾ ਗਿਆ ਸੀ ਤਾਂ ਇਕੋ ਵਿਚਾਰ ਜਿਹੜਾ ਦਿਮਾਗ ’ਚ ਆਉਂਦਾ ਹੈ, ਉਹ ਹੈ ਕਿ 1975 ਵਿਚ ਵੀ ਕਾਤਲਾਂ ਨੇ ਬੰਗਬੰਧੂ ਦੇ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਸੀ; ਇਹ ‘ਨਵਾਂ ਬੰਗਲਾਦੇਸ਼’ ਕਿਹੜਾ ਹੈ ਜਿਸ ਨੇ ਉਨ੍ਹਾਂ ਨੂੰ ਅੱਜ ਆਪਣੇ ਹੀ ਇਤਿਹਾਸ ’ਤੇ ਕਾਲਖ਼ ਪੋਚਣ ਲਾ ਦਿੱਤਾ ਹੈ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement
Advertisement