For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼: ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ 40 ਫ਼ੀਸਦ ਵੋਟਿੰਗ

07:27 AM Jan 08, 2024 IST
ਬੰਗਲਾਦੇਸ਼  ਵਿਰੋਧੀ ਧਿਰ ਦੇ ਬਾਈਕਾਟ ਦਰਮਿਆਨ 40 ਫ਼ੀਸਦ ਵੋਟਿੰਗ
ਤੇਜਗੰਜ ਦੇ ਇੱਕ ਮਤਦਾਨ ਕੇਂਦਰ ’ਚ ਚੌਕਸ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

ਢਾਕਾ, 7 ਜਨਵਰੀ
ਬੰਗਲਾਦੇਸ਼ ’ਚ ਵਿਰੋਧੀ ਧਿਰ ਬੀਐੱਨਪੀ ਅਤੇ ਉਸ ਦੇ ਭਾਈਵਾਲਾਂ ਵੱਲੋਂ ਚੋਣਾਂ ਦੇ ਕੀਤੇ ਗਏ ਬਾਈਕਾਟ ਤੇ ਹਿੰਸਾ ਦੀਆਂ ਘਟਨਾਵਾਂ ਦਰਮਿਆਨ ਆਮ ਚੋਣਾਂ ’ਚ ਲਗਭਗ 40 ਫ਼ੀਸਦ ਵੋਟਿੰਗ ਹੋਈ। ਸਾਲ 2018 ’ਚ ਕਰੀਬ 80 ਫ਼ੀਸਦ ਵੋਟਾਂ ਪਈਆਂ ਸਨ। ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੀ ਅਗਵਾਈ ਹੇਠ ਅਵਾਮੀ ਲੀਗ ਦਾ ਲਗਾਤਾਰ ਚੌਥੀ ਵਾਰ ਸੱਤਾ ’ਚ ਆਉਣਾ ਲਗਭਗ ਤੈਅ ਹੈ। ਪ੍ਰਧਾਨ ਮੰਤਰੀ ਨੇ ਢਾਕਾ ਸਿਟੀ ਕਾਲਜ ’ਚ ਬਣੇ ਪੋਲਿੰਗ ਸੈਂਟਰ ’ਤੇ ਆਪਣੀ ਵੋਟ ਪਾਈ। ਉਨ੍ਹਾਂ ਨਾਲ ਧੀ ਸਾਯਮਾ ਵਾਜ਼ਿਦ ਵੀ ਮੌਜੂਦ ਸੀ। ਵੋਟਿੰਗ ਦਾ ਸਮਾਂ ਖ਼ਤਮ ਹੁੰਦੇ ਸਾਰ ਹੀ ਉਨ੍ਹਾਂ ਦੀ ਗਿਣਤੀ ਸ਼ੁਰੂ ਹੋ ਗਈ। ਸ਼ੇਖ਼ ਹਸੀਨਾ ਆਪਣੀ ਗੋਪਾਲਗੰਜ-3 ਸੀਟ ਤੋਂ ਅੱਠਵੀਂ ਵਾਰ ਜੇਤੂ ਰਹੀ। ਉਸ ਨੂੰ 249965 ਵੋਟ ਮਿਲੇ ਜਦਕਿ ਵਿਰੋਧੀ ਉਮੀਦਵਾਰ ਐੱਮ ਨਿਜ਼ਾਮੁਦੀਨ ਲਸ਼ਕਰ ਨੂੰ ਮਹਿਜ਼ 469 ਵੋਟ ਹਾਸਲ ਹੋਏ। ਰਿਪੋਰਟਾਂ ਮੁਤਾਬਕ ਅਵਾਮੀ ਲੀਗ ਨੇ 300 ਮੈਂਬਰੀ ਸੰਸਦ ਦੇ ਦੇਰ ਰਾਤ ਤੱਕ ਐਲਾਨੇ 9 ਨਤੀਜਿਆਂ ’ਚੋਂ ਅੱਠ ’ਤੇ ਜਿੱਤ ਹਾਸਲ ਕਰ ਲਈ ਸੀ। ਸਭ ਤੋਂ ਵੱਧ ਮਤਦਾਨ ਖੁਲਨਾ ਡਿਵੀਜ਼ਨ ’ਚ ਹੋਇਆ ਹੈ ਜਿਥੇ 32 ਫ਼ੀਸਦ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਚੋਣ ਕਮਿਸ਼ਨ ਦੇ ਤਰਜਮਾਨ ਨੇ ਕਿਹਾ ਕਿ ਸੱਤ ਪੋਲਿੰਗ ਸੈਂਟਰਾਂ ’ਤੇ ਬੇਨਿਯਮੀਆਂ ਕਾਰਨ ਵੋਟਿੰਗ ਮੁਅੱਤਲ ਜਦਕਿ ਤਿੰਨ ਸੈਂਟਰਾਂ ’ਤੇ ਵੋਟਿੰਗ ਰੱਦ ਕਰ ਦਿੱਤੀ ਗਈ ਹੈ। ਕਿਤੇ ਵੀ ਚੋਣਾਂ ਵਰਗਾ ਮਾਹੌਲ ਦਿਖਾਈ ਨਹੀਂ ਦੇ ਰਿਹਾ ਸੀ। ਬੂਥਾਂ ’ਤੇ ਹਾਕਮ ਧਿਰ ਦੇ ਹਮਾਇਤੀਆਂ ਨੂੰ ਛੱਡ ਕੇ ਹੋਰ ਕੋਈ ਵੀ ਨਹੀਂ ਦਿਖਾਈ ਦੇ ਰਿਹਾ ਸੀ। ਲੰਮੀਆਂ ਕਤਾਰਾਂ ਨਾ ਹੋਣ ਕਾਰਨ ਲੋਕ ਆਰਾਮ ਨਾਲ ਵੋਟ ਪਾ ਕੇ ਨਿਕਲਦੇ ਗਏ। ਕਈ ਥਾਵਾਂ ’ਤੇ ਤਾਂ ਪ੍ਰੀਜ਼ਾਈਡਿੰਗ ਅਫ਼ਸਰ ਵਿਹਲੇ ਬੈਠੇ ਦਿਖਾਈ ਦਿੱਤੇ। ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨ ਨੇ ਨਰਸਿੰਗਡੀ ’ਚ ਚੋਣ ਧਾਂਦਲੀ ਦੇ ਦੋਸ਼ਾਂ ਹੇਠ ਸਨਅਤਾਂ ਬਾਰੇ ਮੰਤਰੀ ਨੂਰੁਲ ਮਾਜਿਦ ਮਹਿਮੂਦ ਹਮਾਯੂੰ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਚਟੋਗ੍ਰਾਮ ’ਚ ਦੋ ਉਮੀਦਵਾਰਾਂ ਦੇ ਹਮਾਇਤੀਆਂ ਵਿਚਕਾਰ ਝੜਪ ਦੌਰਾਨ ਗੋਲੀਆਂ ਚਲੀਆਂ। ਦੋ ਜ਼ਖ਼ਮੀਆਂ ਨੂੰ ਹਸਪਾਤਲ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਜਮਾਲਪੁਰ ਦੇ ਸ਼ਰੀਸ਼ਬਾੜੀ ਦੇ ਪੋਲਿੰਗ ਕੇਂਦਰ ’ਤੇ ਅਵਾਮੀ ਲੀਗ ਅਤੇ ਆਜ਼ਾਦ ਉਮੀਦਵਾਰ ਦੇ ਹਮਾਇਤੀਆਂ ਵਿਚਕਾਰ ਝੜਪ ’ਚ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ। -ਪੀਟੀਆਈ

Advertisement

ਭਾਰਤ ਸਾਡਾ ਭਰੋਸੇਮੰਦ ਦੋਸਤ: ਸ਼ੇਖ ਹਸੀਨਾ

ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੋਟ ਪਾਉਣ ਮਗਰੋਂ ਪਰਚੀ ਦਿਖਾਉਂਦੀ ਹੋਈ। -ਫੋਟੋ: ਪੀਟੀਆਈ

ਢਾਕਾ: ਵੋਟ ਪਾਉਣ ਮਗਰੋਂ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀ ਕਦਰਾਂ-ਕੀਮਤਾਂ ਬਣਾਈ ਰੱਖਣ ਅਤੇ ਸਮਾਜਿਕ-ਆਰਥਿਕ ਵਿਕਾਸ ਲਈ ਕੰਮ ਕਰਦੇ ਰਹਿਣ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ)-ਜਮਾਤ-ਏ-ਇਸਲਾਮੀ ਗੱਠਜੋੜ ਲੋਕਤੰਤਰ ’ਚ ਵਿਸ਼ਵਾਸ ਨਹੀਂ ਰਖਦਾ ਹੈ। ਇਕ ਸਵਾਲ ਦੇ ਜਵਾਬ ’ਚ ਹਸੀਨਾ ਨੇ ਕਿਹਾ ਕਿ ਬੰਗਲਾਦੇਸ਼ ਦਾ ਭਾਰਤ ਭਰੋਸੇਮੰਦ ਦੋਸਤ ਹੈ। ਉਨ੍ਹਾਂ ਕਿਹਾ,‘‘ਅਸੀਂ ਖੁਸ਼ਕਿਸਮਤ ਹਾਂ ਕਿ ਭਾਰਤ ਸਾਡਾ ਭਰੋਸੇਮੰਦ ਦੋਸਤ ਹੈ। ਸਾਡੀ ਮੁਕਤੀ ਦੀ ਜੰਗ ਦੌਰਾਨ ਅਤੇ 1975 ਤੋਂ ਬਾਅਦ ਉਨ੍ਹਾਂ ਸਾਡੀ ਹਮਾਇਤ ਕੀਤੀ। ਜਦੋਂ ਅਸੀਂ ਸਾਰਾ ਪਰਿਵਾਰ ਪਿਓ, ਮਾਂ, ਭਰਾ ਗੁਆ ਲਏ ਸਨ ਤਾਂ ਸਾਡੇ ਪਰਿਵਾਰ ’ਚ ਅਸੀਂ ਦੋ ਭੈਣਾਂ (ਹਸੀਨਾ ਅਤੇ ਰੇਹਾਨਾ) ਹੀ ਬਚੀਆਂ ਸਨ ਜਿਨ੍ਹਾਂ ਨੂੰ ਭਾਰਤ ਨੇ ਪਨਾਹ ਦਿੱਤੀ। ਅਸੀਂ ਭਾਰਤ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।’’ ਉਨ੍ਹਾਂ ਕਿਹਾ ਕਿ ਉਹ ਵਿਦੇਸ਼ੀ ਮੀਡੀਆ ਦੀ ਪ੍ਰਵਾਹ ਨਹੀਂ ਕਰਦੇ। ਉਹ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦੇ ਕਿ ਅਤਿਵਾਦੀ ਪਾਰਟੀ (ਬੀਐੱਨਪੀ) ਕੀ ਆਖੇਗੀ। -ਪੀਟੀਆਈ

Advertisement
Author Image

Advertisement
Advertisement
×