ਬੰਗਾ ਦਾ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨ
ਪੱਤਰ ਪ੍ਰੇਰਕ
ਫਰੀਦਾਬਾਦ, 26 ਨਵੰਬਰ
ਇੱਥੇ ਦਕਸ਼ ਫਾਊਂਡੇਸ਼ਨ, ਹਰਿਆਣਾ ਪੁਲੀਸ ਸੁਸਾਇਟੀ, ਹਰਿਆਣਾ ਪ੍ਰੋਗਰੈਸਿਵ ਸਕੂਲ ਕਾਨਫਰੰਸ, ਰੋਟਰੀ ਕਲੱਬ ਈਸਟ ਅਤੇ ਐੱਨਐੱਚਪੀਸੀ ਵੱਲੋਂ ਸਾਂਝੇ ਤੌਰ ’ਤੇ ‘ਖ਼ਿਆਲ ਬਜ਼ੁਰਗਾਂ ਦਾ’ ਨਾਮ ਦਾ ਇੱਕ ਸਨਮਾਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦਿੱਤੇ ਗਏ। ਵਿਕਟੋਰੀਆ ਗਰੁੱਪ ਦੇ ਸੰਸਥਾਪਕ ਗੰਭੀਰ ਸਿੰਘ ਬੰਗਾ ਨੂੰ ਉਦਯੋਗ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਦਕਸ਼ ਫਾਊਂਡੇਸ਼ਨ ਦੀ ਟੀਮ ਨੇ ਸੈਕਟਰ 58 ਸਥਿਤ ਵਿਕਟੋਰੀਆ ਇੰਡਸਟਰੀਜ਼ ਦੇ ਕਾਰਪੋਰੇਟ ਦਫਤਰ ਵਿੱਚ ਗੰਭੀਰ ਸਿੰਘ ਬੰਗਾ ਨੂੰ ਪ੍ਰਸ਼ੰਸਾ ਪੱਤਰ, ਸ਼ਾਲ ਅਤੇ ਪੌਦਾ ਭੇਟ ਕਰਕੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਦਕਸ਼ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਕਮਿਊਨਿਟੀ ਪੁਲੀਸਿੰਗ ਦੇ ਕੋਆਰਡੀਨੇਟਰ ਸਬ ਇੰਸਪੈਕਟਰ ਸੁਰਿੰਦਰ ਦਹੀਆ ਨੇ ਫਾਊਂਡੇਸ਼ਨ ਵੱਲੋਂ ਸਮਾਜ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਿਆ। ਦਕਸ਼ ਫਾਊਂਡੇਸ਼ਨ ਦੇ ਸਲਾਹਕਾਰ ਵਿੰਗ ਕਮਾਂਡਰ ਐੱਚਸੀ ਮਾਨ ਨੇ ਕਿਹਾ ਕਿ ਗੰਭੀਰ ਸਿੰਘ ਬੰਗਾ ਫਰੀਦਾਬਾਦ ਇੰਡਸਟਰੀ ਦੀ ਇੱਕ ਵੱਡੀ ਸ਼ਖਸੀਅਤ ਹਨ। ਵਾਤਾਵਰਨ ਪ੍ਰੇਮੀ ਅਤੇ ਦਕਸ਼ ਫਾਊਂਡੇਸ਼ਨ ਦੇ ਸਲਾਹਕਾਰ ਏਕੇ ਗੌੜ ਨੇ ਵਿਕਟੋਰੀਆ ਗਰੁੱਪ ਵੱਲੋਂ ਵਾਤਾਵਰਨ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਰੋਟਰੀ ਕਲੱਬ ਈਸਟ ਕੇਐੱਸਸੀ ਗਰਗ, ਟਰੈਫਿਕ ਟਾਊ ਵਰਿੰਦਰ ਸਿੰਘ, ਵਿਕਟੋਰੀਆ ਇੰਡਸਟਰੀਜ਼ ਦੇ ਡਾਇਰੈਕਟਰ ਸਤਵੀਰ ਸਿੰਘ ਬੰਗਾ, ਸੀਈਓ ਨਵੀਨ ਅਰੋੜਾ ਹਾਜ਼ਰ ਸਨ।