ਬਾਂਦਰਾ ਸਟੇਸ਼ਨ ਦੀ ਘਟਨਾ ਢਹਿੰਦੇ ਬੁਨਿਆਦੀ ਢਾਂਚੇ ਦੀ ਮਿਸਾਲ: ਰਾਹੁਲ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਬਾਂਦਰਾ ਰੇਲਵੇ ਸਟੇਸ਼ਨ ’ਤੇ ਅੱਜ ਮਚੀ ਭਗਦੜ ਭਾਰਤ ਦੇ ਢਹਿੰਦੇ ਬੁਨਿਆਦੀ ਢਾਂਚੇ ਦੀ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਦਘਾਟਨ ਤੇ ਪ੍ਰਚਾਰ ਤਾਂ ਹੀ ਚੰਗੇ ਹੁੰਦੇ ਹਨ ਜਦੋਂ ਉਨ੍ਹਾਂ ਪਿੱਛੇ ਅਜਿਹੀ ਬੁਨਿਆਦ ਹੋਵੇ ਜੋ ਅਸਲ ਵਿੱਚ ਜਨਤਾ ਦੀ ਸੇਵਾ ਲਈ ਕੰਮ ਕਰੇ। ਗਾਂਧੀ ਨੇ ਐਕਸ ’ਤੇ ਕਿਹਾ, ‘ਜਦੋਂ ਜਨਤਕ ਜਾਇਦਾਦ ਦੀ ਸੰਭਾਲ ਦੀ ਘਾਟ ਤੇ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਜਾਣ ਲੱਗੇ ਅਤੇ ਪੁਲ, ਪਲੈਟਫਾਰਮ ਜਾਂ ਬੁੱਤ ਰਿਬਨ ਕੱਟਣ ਦੇ ਨਾਲ ਹੀ ਡਿੱਗਣ ਲੱਗਣ ਤਾਂ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।’ ਉਨ੍ਹਾਂ ਕਿਹਾ ਕਿ ਬਾਂਦਰਾ ਟਰਮੀਨਸ ਸਟੇਸ਼ਨ ’ਤੇ ਹੋਈ ਭਗਦੜ ਭਾਰਤ ਦੇ ਢਹਿੰਦੇ ਬੁਨਿਆਈ ਢਾਂਚੇ ਦੀ ਕੜੀ ’ਚ ਸਭ ਤੋਂ ਤਾਜ਼ਾ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਕੌਮਾਂਤਰੀ ਪੱਧਰ ਦੇ ਬੁਨਿਆਦੀ ਢਾਂਚੇ ਦੀ ਲੋੜ ਹੈ ਜੋ ਗਰੀਬਾਂ ਦੀਆਂ ਸਥਾਨਕ ਲੋੜਾਂ ਦਾ ਧਿਆਨ ਰੱਖੇ, ਜੋ ਵਪਾਰ ਨੂੰ ਸੁਖਾਲਾ ਬਣਾਏ ਅਤੇ ਯਾਤਰਾ ਨੂੰ ਸਹੂਲਤ ਵਾਲੀ ਤੇ ਲੋਕਾਂ ਲਈ ਸੁਰੱਖਿਆ ਰੱਖੇ। ਉਨ੍ਹਾਂ ਕਿਹਾ, ‘ਭਾਰਤ ਸਮਰੱਥ ਹੈ। ਸਾਨੂੰ ਬੱਸ ਅਸਰਦਾਰ ਤੇ ਪਾਰਦਰਸ਼ੀ ਸਿਸਟਮ ਦੀ ਲੋੜ ਹੈ।’ -ਪੀਟੀਆਈ