ਬੰਦੀ ਛੋੜ ਦਿਵਸ: ਸੰਗਤ ਦਰਬਾਰ ਸਾਹਿਬ ਨਤਮਸਤਕ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਨਵੰਬਰ
ਸਿੱਖ ਸੰਗਤ ਵੱਲੋਂ ਹਰਿਮੰਦਰ ਸਾਹਿਬ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਅੱਜ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਹਾਲਾਂਕਿ, ਪਹਿਲੀ ਨਵੰਬਰ 1984 ਨੂੰ ਸਿੱਖ ਨਸਲਕੁਸ਼ੀ ਹੋਣ ਦੇ ਰੋਸ ਵਜੋਂ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਹੀਂ ਕੀਤੀ ਗਈ।
ਦੀਵਾਲੀ ਇਸ ਵਾਰ ਦੋ ਦਿਨ ਹੋਣ ਕਾਰਨ ਇਸ ਸਬੰਧੀ ਉਤਸ਼ਾਹ ਵੀ ਦੋ ਦਿਨਾਂ ਵਿੱਚ ਵੰਡਿਆ ਗਿਆ। ਹਰਿਮੰਦਰ ਸਾਹਿਬ ਸਮੂਹ ਵਿੱਚ ਅੱਜ ਇਸ ਸਬੰਧ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕੀਤੇ ਗਏ। ਵੱਡੀ ਗਿਣਤੀ ਵਿੱਚ ਸੰਗਤ ਨੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਇਸ ਦਿਵਸ ਨੂੰ ਸ਼ਰਧਾ ਨਾਲ ਮਨਾਇਆ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕੀਤੇ ਗਏ ਆਦੇਸ਼ ਮੁਤਾਬਕ ਅੱਜ ਸਿਰਫ਼ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਵਿਖੇ ਹੀ ਦੀਪਮਾਲਾ ਕੀਤੀ ਗਈ ਸੀ। ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀਆਂ ਬਾਕੀ ਇਮਾਰਤਾਂ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ, ਸਰਾਵਾਂ ਦੀਆਂ ਇਮਾਰਤਾਂ, ਗੁਰਦੁਆਰਾ ਬਾਬਾ ਅਟੱਲ ਰਾਏ ਤੇ ਹੋਰ ਇਮਾਰਤਾਂ ਦੀਪਮਾਲਾ ਤੋਂ ਸੱਖਣੀਆਂ ਰਹੀਆਂ। ਸਿੱਖ ਨਸਲਕੁਸ਼ੀ ਦੇ 40 ਵਰ੍ਹਿਆਂ ਦੇ ਦਿਵਸ ਨੂੰ ਲੈ ਕੇ ਰੋਸ ਵਜੋਂ ਅੱਜ ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਵੀ ਨਹੀਂ ਚਲਾਈ ਗਈ।
ਹਾਲਾਂਕਿ, ਦੂਜੇ ਪਾਸੇ ਬੰਦੀ ਛੋੜ ਦਿਵਸ ਦੀ ਖੁਸ਼ੀ ਵਿੱਚ ਸੰਗਤ ਵੱਲੋਂ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੱਡੀ ਗਿਣਤੀ ਵਿੱਚ ਘਿਓ ਦੇ ਦੀਵੇ ਜਗਾਏ ਗਏ। ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਅੱਜ ਲੱਖਾਂ ਦੀ ਗਿਣਤੀ ਵਿੱਚ ਸੰਗਤ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੋਵਰ ਵਿੱਚ ਇਸ਼ਨਾਨ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਤੋਂ ਹੀ ਵੱਡੀ ਗਿਣਤੀ ਸੰਗਤ ਮੱਥਾ ਟੇਕਣ ਲਈ ਪੁੱਜ ਰਹੀ ਹੈ। ਇਸ ਮੌਕੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਵਿਸ਼ੇਸ਼ ਪਕਵਾਨ ਵੀ ਤਿਆਰ ਕੀਤੇ ਗਏ। ਅਕਾਲ ਤਖ਼ਤ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ। ਇਸ ਦੌਰਾਨ ਸ਼ਹਿਰ ਵਿੱਚ ਸਥਾਪਿਤ ਗੁਰਦੁਆਰਿਆਂ ਵਿੱਚ ਦੀਪਮਾਲਾ ਨਹੀਂ ਕੀਤੀ ਗਈ ਤੇ ਘਿਓ ਦੇ ਦੀਵੇ ਜਗਾਏ ਗਏ। ਹਾਲਾਂਕਿ, ਘਰਾਂ ਤੇ ਲੋਕਾਂ ਵੱਲੋਂ ਪਹਿਲਾਂ ਵਾਂਗ ਬਿਜਲਈ ਰੋਸ਼ਨੀਆਂ ਨਾਲ ਦੀਪਮਾਲਾ ਕੀਤੀ ਸੀ। ਸਿੱਖ ਨਸਲਕੁਸ਼ੀ ਦਿਵਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਗੁਰਦੁਆਰਿਆਂ ਤੇ ਘਰਾਂ ’ਤੇ ਬਿਜਲਈ ਰੋਸ਼ਨੀਆਂ ਦੀ ਵਰਤੋਂ ਨਾ ਕਰਨ ਤੇ ਸਿਰਫ਼ ਘਿਓ ਦੇ ਦੀਵੇ ਜਗਾਉਣ ਦੇ ਆਦੇਸ਼ ਦਿੱਤੇ ਸਨ।