ਬੰਦੀ ਛੋੜ ਦਿਵਸ: ਦਰਬਾਰ ਸਾਹਿਬ ’ਚ ਘੱਟ ਸਮੇਂ ਲਈ ਚਲਾਈ ਜਾਵੇਗੀ ਆਤਿਸ਼ਬਾਜ਼ੀ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 11 ਨਵੰਬਰ
ਹਵਾ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ 12 ਨਵੰਬਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਵਧੇਰੇ ਚਮਕ, ਘੱਟ ਧੂੰਏਂ ਅਤੇ ਘੱਟ ਸਮੇਂ ਲਈ ਆਤਿਸ਼ਬਾਜ਼ੀ ਚਲਾਈ ਜਾਵੇਗੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਛੋੜ ਦਿਵਸ ਮੌਕੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਦਿਹਾੜਾ ਮਾਨਵਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਪ੍ਰੇਰਦਾ ਹੈ।
ਇਸ ਵਾਰ ਵਧ ਰਹੇ ਹਵਾ ਪ੍ਰਦੂਸ਼ਣ ਦੇ ਕਾਰਨ ਗਰੀਨ ਟ੍ਰਿਬਿਊਨਲ ਅਤੇ ਅਦਾਲਤ ਦੇ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਗਈ ਹੈ। ਇਸ ਸਬੰਧੀ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ, ਜਿਸ ਅਨੁਸਾਰ ਸ਼ਾਮ 8 ਤੋਂ 10 ਵਜੇ ਤੱਕ ਸਿਰਫ਼ ਦੋ ਘੰਟੇ ਵਾਸਤੇ ਹੀ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਮੈਨੇਜਰ ਧਨਵੰਤ ਸਿੰਘ ਨੇ ਦੱਸਿਆ ਕਿ ਭਲਕੇ ਰਾਤ ਨੂੰ ਚਲਾਈ ਜਾਣ ਵਾਲੀ ਆਤਿਸ਼ਬਾਜ਼ੀ ਵਧੇਰੇ ਰੌਸ਼ਨੀ ਵਾਲੀ ਅਤੇ ਘੱਟ ਧੂੰਏਂ ਵਾਲੀ ਹੋਵੇਗੀ। ਆਤਿਸ਼ਬਾਜ਼ੀ ਘੱਟੋ-ਘੱਟ ਸਮੇਂ ਵਾਸਤੇ ਚਲਾਈ ਜਾਵੇਗੀ ਤਾਂ ਜੋ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਹਰਿਮੰਦਰ ਸਾਹਿਬ ਤੇ ਹੋਰ ਗੁਰੂ ਧਾਮਾਂ ਦੀਆਂ ਇਮਾਰਤਾਂ ’ਤੇ ਸੁੰਦਰ ਦੀਪਮਾਲਾ ਕੀਤੀ ਜਾਵੇਗੀ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਸਮਾਗਮ ਹੋਣਗੇ, ਅਕਾਲ ਤਖ਼ਤ ਵਿਖੇ ਵਿਸ਼ੇਸ਼ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸ਼ਾਮ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੌਮ ਦੇ ਨਾਲ ਸੰਦੇਸ਼ ਜਾਰੀ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸਿੱਖ ਸੰਗਤ ਨੂੰ ਸੰਬੋਧਨ ਕਰਨਗੇ।