ਓਵਰਲੋਡ ਟਿੱਪਰਾਂ ਕਾਰਨ ਬੰਨ੍ਹਮਾਜਰਾ-ਖਿਜ਼ਰਾਬਾਦ ਸੜਕ ਖ਼ਸਤਾ ਹਾਲ
ਜਗਮੋਹਨ ਸਿੰਘ
ਰੂਪਨਗਰ, 25 ਜੂਨ
ਰੂਪਨਗਰ ਜ਼ਿਲ੍ਹੇ ਦੇ ਪਿੰਡ ਬੰਨ੍ਹਮਾਜਰਾ ਤੋਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਖਿਜ਼ਰਾਬਾਦ ਵੱਲ ਜਾਂਦੀ ਲਿੰਕ ਸੜਕ ਨੂੰ ਖਿਜ਼ਰਾਬਾਦ ਕਰੱਸ਼ਰ ਜ਼ੋਨ ਤੋਂ ਆਉਣ ਵਾਲੇ ਓਵਰਲੋਡ ਟਿੱਪਰਾਂ ਅਤੇ ਇਸ ਸੜਕ ‘ਤੇ ਪੈਂਦੀਆਂ ਫੈਕਟਰੀਆਂ ਲਈ ਕੱਚਾ ਮਾਲ ਲੈ ਕੇ ਆਉਣ ਵਾਲੇ ਓਵਰਲੋਡ ਵਾਹਨਾਂ ਨੇ ਬੁਰੀ ਤਰ੍ਹਾਂ ਤੋੜ ਦਿੱਤਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਬੰਨ੍ਹਮਾਜਰਾ ਦੇ ਸਰਪੰਚ ਹਰਜਿੰਦਰ ਸਿੰਘ, ਪਿੰਡ ਚਟੌਲੀ ਦੇ ਸਰਪੰਚ ਜਗਜੀਤ ਸਿੰਘ ਜੱਗੀ, ਪਿੰਡ ਭੂਪਨਗਰ ਦੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਅਤੇ ਪਿੰਡ ਕਿਸ਼ਨਪੁਰਾ ਦੇ ਨੰਬਰਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਖਿਜ਼ਰਾਬਾਦ ਕਰੱਸ਼ਰ ਜ਼ੋਨ ਤੋਂ ਵਾਇਆ ਸਲੇਮਪੁਰ, ਭੂਪਨਗਰ, ਅਕਾਲਗੜ੍ਹ ਹੁੰਦੇ ਹੋਏ ਬੰਨ੍ਹਮਾਜਰਾ ਵੱਲ ਆਉਂਦੇ ਖਣਨ ਸਮੱਗਰੀ ਦੇ ਭਰੇ ਓਵਰਲੋਡ ਟਿੱਪਰਾਂ ਅਤੇ ਫੈਕਟਰੀਆਂ ਦੇ ਓਵਰਲੋਡ ਵਾਹਨਾਂ ਨੇ ਲਗਪਗ 10 ਕਿਲੋਮੀਟਰ ਲੰਬੀ ਸੜਕ ਦਾ ਐਨਾ ਮਾੜਾ ਹਾਲ ਕਰ ਦਿੱਤਾ ਹੈ ਕਿ ਰਾਹਗੀਰਾਂ ਨੂੰ ਡੂੰਘੇ ਟੋਇਆਂ ਵਿੱਚੋਂ ਸੜਕ ਲੱਭਣੀ ਪੈ ਰਹੀ ਹੈ। ਇਸ ਸੜਕ ‘ਤੇ ਰਾਤ ਨੂੰ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸਨ ਤਾਂ ਉਨ੍ਹਾਂ ਇਸ ਸੜਕ ਨੂੰ ਪੱਕਾ ਕਰਨ ਤੇ ਇਸ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕਰਨ ਦੀ ਤਜਵੀਜ਼ ਪਾਸ ਕਰ ਦਿੱਤੀ ਸੀ, ਪਰ ਇਸ ਸੜਕ ਨੂੰ ਪੱਕਾ ਕਰਨ ਤੇ ਚੌੜਾ ਕਰਨ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੜਕ ਚੌੜੀ ਤੇ ਮਜ਼ਬੂਤ ਕਰਨ ਦਾ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜਿਆ: ਐੱਸਡੀਓ
ਸਬੰਧਤ ਵਿਭਾਗ ਦੇ ਐੱਸਡੀਓ ਭਰਤ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਸ ਲਿੰਕ ਸੜਕ ਨੂੰ 10 ਫੁੱਟ ਤੋਂ 16 ਫੁੱਟ ਤੱਕ ਚੌੜੀ ਤੇ ਮਜ਼ਬੂਤ ਕਰਨ ਦਾ ਪ੍ਰਸਤਾਵ ਪੰਜਾਬ ਸਰਕਾਰ ਨੂੰ ਬਣਾ ਕੇ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਆਸ ਪ੍ਰਗਟਾਈ ਕਿ ਪ੍ਰਸਤਾਵ ਜਲਦੀ ਹੀ ਪਾਸ ਹੋ ਜਾਵੇਗਾ।